ਜ਼ਿਲ੍ਹਾ ਚੋਣ ਦਫ਼ਤਰ ਮੋਗਾ ਵੱਲੋਂ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲਾ ਕਰਵਾਇਆ
ਮੋਗਾ, 22 ਜਨਵਰੀ 2025 - ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2025 ਜਿਸਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਵਿਸ਼ੇਸ਼ ਸਾਰੰਗਲ ਦੀ ਰਹਿਨੁਮਾਈ ਹੇਠ ਮਨਾਇਆ ਜਾ ਰਿਹਾ ਹੈ ਦੇ ਸੰਬੰਧ ਵਿੱਚ ਇੱਕ ਜ਼ਿਲ੍ਹਾ ਪੱਧਰੀ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਡੀ.ਐਮ. ਕਾਲਜ ਮੋਗਾ ਵਿੱਚ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੁਕਾਬਲੇ ਦਾ ਮੁੱਖ ਵਿਸ਼ਾ ਸੀ ਕਿ ਸ਼ਹਿਰੀ ਵੋਟਰ ਵੋਟਾਂ ਪਾਉਣ ਵਿੱਚ ਰੁਚੀ ਕਿਉਂ ਨਹੀਂ ਦਿਖਾਉਂਦੇ ਤੇ ਇਸ ਸਮੱਸਿਆ ਦਾ ਨਿਵਾਰਣ ਕਿਵੇਂ ਕੀਤਾ ਜਾ ਸਕਦਾ ਹੈ। ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਇਸ ਵਿਸ਼ੇ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਅਤੇ ਹਾਜ਼ਰੀਨ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਸਾਨੂੰ ਵੋਟ ਜਰੂਰ ਪਾਉਣੀ ਚਾਹੀਦੀ ਹੈ ਤਾਂ ਹੀ ਇੱਕ ਵਧੀਆ ਭਾਰਤ ਸਿਰਜਿਆ ਜਾ ਸਕਦਾ ਹੈ। ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਵੋਟਾਂ ਵਾਲੇ ਦਿਨ ਛੁੱਟੀ ਹੋਣ ਦਾ ਮਤਲਬ ਘੁੰਮਣ ਜਾਣਾ ਨਹੀਂ ਹੈ ਬਲਕਿ ਸਾਨੂੰ ਵੋਟ ਪਾਉਣ ਜਾਣਾ ਚਾਹੀਦਾ ਹੈ ।
ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਮੋਗਾ ਸ਼੍ਰੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਬਹੁਤ ਵੋਟਰ ਇਹ ਸੋਚ ਕੇ ਵੋਟ ਨਹੀਂ ਪਾਉਂਦੇ ਕਿ ਸਾਡੀ ਇੱਕ ਵੋਟ ਨਾਲ ਕੀ ਫਰਕ ਪੈਂਦਾ ਹੈ ਓਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੱਕ ਇੱਕ ਵੋਟ ਕੀਮਤੀ ਹੈ। ਨੌਜਵਾਨਾਂ ਨੂੰ ਆਪਣੀ ਵੋਟ ਜਰੂਰ ਬਣਾਉਣੀ ਚਾਹੀਦੀ ਹੈ ਅਤੇ ਸਮਾਂ ਆਉਣ ਤੇ ਵੋਟ ਜਰੂਰ ਪਾਉਣੀ ਚਾਹੀਦੀ ਹੈ।
ਇਸ ਸਮੇਂ ਡੀ ਐਮ ਕਾਲਜ ਆਫ ਐਜੂਕੇਸ਼ਨ ਮੋਗਾ ਦੀ ਟੀਮ ਨੇ ਤੀਜਾ, ਐੱਸ ਡੀ ਕਾਲਜ ਫਾਰ ਵੋਮੈਨ ਨੇ ਦੂਜਾ ਅਤੇ ਡੀ ਐਮ ਕਾਲਜ ਮੋਗਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸਮੇਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਲਲਿਤ ਮੋਹਨ ਗਰਗ, ਜ਼ਿਲ੍ਹਾ ਸਹਾਇਕ ਸਵੀਪ ਨੋਡਲ ਅਫ਼ਸਰ ਪ੍ਰੋ: ਗੁਰਪ੍ਰੀਤ ਸਿੰਘ ਘਾਲੀ, ਪ੍ਰੋ: ਅਸ਼ਵਨੀ ਸ਼ਰਮਾ, ਮੈਡਮ ਕੁਲਵੰਤ ਕੌਰ, ਮੈਡਮ ਊਸ਼ਾ, ਮੈਡਮ ਦਵਿੰਦਰ ਕੌਰ, ਮੈਡਮ ਕਾਮਿਨੀ, ਮੈਡਮ ਕਿਰਨਜੀਤ ਕੌਰ, ਮੈਡਮ ਸ੍ਰਿਸ਼ਟੀ ਅਗਰਵਾਲ, ਮੈਡਮ ਪ੍ਰੀਆ ਅਤੇ ਕਾਲਜ ਇਲੈਕਟੋਰਲ ਕਲੱਬ ਦੇ ਸਮੂਹ ਮੈਂਬਰ ਹਾਜਰ ਸਨ ।