ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਦਾਨ ਸਿੰਘ ਵਾਲਾ ਵਿੱਚ ਘਰ ਸਾੜਨ ਦੇ ਮਾਮਲੇ ਵਿੱਚ ਰੋਸ ਰੈਲੀ
ਅਸ਼ੋਕ ਵਰਮਾ
ਬਠਿੰਡਾ,17 ਜਨਵਰੀ 2025:ਪਿੰਡ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੀ ਦਾਣਾ ਮੰਡੀ ਵਿੱਚ ਅੱਜ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮਜ਼ਦੂਰਾਂ ਦੇ ਅੱਠ ਘਰਾਂ ਨੂੰ ਨਸਾ ਤਸਕਰਾਂ ਵਲੋਂ ਪੈਟਰੋਲ ਬੰਬਾਂ ਨਾਲ ਸਾੜਨ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪੁਲਿਸ ਵਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਗਰੋਹ ਨੂੰ ਬਚਾਉਣ ਲਈ ਇਸਨੂੰ ਦੋ ਗਰੁੱਪਾਂ ਦੀ ਲੜਾਈ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਪੁਲਿਸ ਨੇ ਸਾਰੀ ਮਜ਼ਦੂਰ ਬਸਤੀ ਨੂੰ ਘੇਰਾ ਪਾਇਆ ਹੋਇਆ ਸੀ ਪਰ ਜੇਕਰ ਕਾਰਵਾਈ ਘਟਨਾ ਤੋਂ ਪਹਿਲਾਂ ਕੀਤੀ ਹੁੰਦੀ ਤਾਂ ਇਹ ਕਾਂਡ ਨਾ ਵਾਪਰਦਾ। ਰੈਲੀ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਾਸਟਰ ਸੇਵਕ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਮੱਖਣ ਸਿੰਘ ਤਲਵੰਡੀ, ਮਜ਼ਦੂਰ ਮੁਕਤੀ ਮੋਰਚਾ ਵੱਲੋਂ ਲਿਬਰੇਸ਼ਨ ਵਲੋਂ ਅਮੀ ਲਾਲ ,ਕੁ਼ੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਰਾਜਵਿੰਦਰ ਸਿੰਘ ਰਾਣਾ ਸੂਬਾਈ ਪ੍ਰਧਾਨ ਏਕਟੂ ,ਗੁਰਨਾਮ ਸਿੰਘ ਦਾਊਦ ਜਨਰਲ ਸਕੱਤਰ ਦਿਹਾਤੀ ਮਜਦੂਰ ਸਭਾ ,ਗੁਰਪ੍ਰੀਤ ਸਿੰਘ ਬੀ ਕੇ ਯੂ ਉਗਰਾਹਾਂ, ਮਜ਼ਦੂਰ ਆਗੂ ਬਲਕਾਰ ਸਿੰਘ ਅਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਪੁਲੀਸ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਲਈ ਪੁਲਿਸ ਦੀ ਨਿਖੇਧੀ ਕੀਤੀ। ਘਟਨਾ ਕਦੇ ਅਸਲ ਕਾਰਨ ਨਸ਼ੇ ਦੀ ਵਿਕਰੀ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੈਲੀ ਵਿੱਚ ਮੰਗ ਕੀਤੀ ਗਈ ਕੇ ਪੀੜਤ ਪਰਿਵਾਰਾਂ ਨੂੰ ਤੁਰੰਤ ਘਰ ਬਣਾਉਣ ਲਈ ਗਰਾਂਟ ਜਾਰੀ ਕੀਤੀ ਜਾਵੇ ਅਤੇ ਜ਼ਖਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਕਰੇ। ਦੋਸ਼ੀਆਂ ਤੇ ਸਖ਼ਤ ਧਾਰਾਵਾਂ ਲਾਕੇ ਜੇਲ੍ਹ ਭੇਜਿਆ ਜਾਵੇ। ਅਖੀਰ ਵਿੱਚ ਐਕਸ਼ਨ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ 28ਜਨਵਰੀ ਨੂੰ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਿੱਠੂ ਸਿੰਘ ਘੁੱਦਾ ,ਸੁਰਜੀਤ ਸਿੰਘ ਸਰਦਾਰਗੜ੍ਹ ,ਰਾਜਾ ਸਿੰਘ ਅਤੇ ਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।