ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਸਿਹਤ
ਚੰਡੀਗੜ੍ਹ, 26 ਫਰਵਰੀ, 2025 - ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 93ਵੇਂ ਦਿਨ ਵੀ ਜਾਰੀ ਰਿਹਾ, ਕੱਲ ਸਵੇਰ ਤੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਅੱਜ ਆਪਣੇ ਮਰਨ ਵਰਤ ਦੇ 93ਵੇਂ ਦਿਨ ਸਵੇਰੇ 5 ਵਜੇ ਜਗਜੀਤ ਸਿੰਘ ਡੱਲੇਵਾਲ ਨੂੰ ਤੇਜ਼ ਬੁਖਾਰ (103.6) ਹੋ ਗਿਆ,ਮੌਕੇ ਤੇ ਮੌਜੂਦ ਡਾਕਟਰਾਂ ਦੀ ਟੀਮ ਵੱਲੋਂ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਤਾਜ਼ਾ ਮੈਡੀਕਲ ਰਿਪੋਰਟਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਪਿਸ਼ਾਬ ਦੀ ਰਿਪੋਰਟ ਵਿੱਚ ਕੀਟੋਨ +ve ਆਈ ਹੈ। ਮੈਡੀਕਲ ਸਾਇੰਸ ਮੁਤਾਬਿਕ ਜਦੋਂ ਇਨਸਾਨ ਲੰਮੇ ਸਮੇਂ ਤੋਂ ਕੁਝ ਨਾ ਖਾ ਰਿਹਾ ਹੋਵੇ ਤਾਂ ਉਸਦਾ ਸਰੀਰ ਹੀ ਉਸੇ ਸਰੀਰ ਨੂੰ ਖਾਣ ਲੱਗ ਜਾਂਦਾ ਹੈ ਅਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ 93 ਦਿਨਾਂ ਤੋਂ ਕੁੱਝ ਵੀ ਨਾਂ ਖਾਣ ਅਤੇ ਪਾਣੀ ਤੋਂ ਇਲਾਵਾ ਕੁਝ ਨਾਂ ਪੀਣ ਕਾਰਨ ਉਸ ਦਾ ਸਰੀਰ ਅੰਦਰੋਂ-ਅੰਦਰੀ ਉਹਨਾ ਨੂੰ ਹੁਣ ਖਾ ਰਿਹਾ ਹੈ।
ਕਿਡਨੀ ਟੈਸਟ ਦੀ ਰਿਪੋਰਟ ਦਾ ਨਤੀਜਾ 3.00 ਵਜੇ ਆਇਆ ਹੈ, ਜਿਸ ਵਿੱਚ ਇੱਕ ਆਮ ਵਿਅਕਤੀ ਵਿੱਚ 1.00 ਤੋਂ ਘੱਟ ਆਉਣੀ ਚਾਹੀਦੀ ਹੈ। ਉਸਨਾ ਦੇ ਯੂਰਿਕ ਐਸਿਡ ਦੀ ਰਿਪੋਰਟ 9.30 ਹੈ ਜੋ ਕਿ ਇੱਕ ਆਮ ਵਿਅਕਤੀ ਵਿੱਚ 7.40 ਤੋਂ ਘੱਟ ਹੋਣਾ ਚਾਹੀਦਾ ਹੈ। ਕੱਲ੍ਹ ਸਵੇਰੇ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨਾਲ ਏਕਤਾ ਲਈ ਦੋਵਾਂ ਫੋਰਮਾ ਦੀ ਮੀਟਿੰਗ ਹੋਵੇਗੀ। 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਦਾਤਾਸਿੰਘਵਾਲਾ-ਖਨੌਰੀ, ਸ਼ੰਭੂ ਅਤੇ ਰਤਨਾਪੁਰਾ ਮੋਰਚੇ ਉੱਪਰ MSP ਗਾਰੰਟੀ ਕਾਨੂੰਨ ਦੇ ਮੁੱਦੇ ਉੱਪਰ ਮਹਿਲਾ ਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ।