ਘਰ ਬੈਠੇ ਕਮਾਈ ਕਰਨ ਦਾ ਲਾਲਚ ਦੇ ਕੇ ਸਾਈਬਰ ਠੱਗਾਂ ਨੇ ਮਾਰੀ ਔਰਤ ਨਾਲ 9 ਲੱਖ 47 ਹਜ਼ਾਰ ਦੀ ਠੱਗੀ, ਪਰਚਾ ਦਰਜ
ਦੀਪਕ ਜੈਨ
ਜਗਰਾਉਂ, 18 ਅਪ੍ਰੈਲ 2025 - ਸਰਕਾਰ ਵੱਲੋਂ ਭਾਵੇਂ ਸਾਈਬਰ ਅਪਰਾਧ ਨੂੰ ਕਾਬੂ ਕਰਨ ਲਈ ਅਤੇ ਜਨਤਾ ਨੂੰ ਜਾਗਰੂਕ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ। ਪ੍ਰੰਤੂ ਸਾਈਬਰ ਅਪਰਾਧੀ ਆਪਣੀਆਂ ਗੱਲਾਂ ਦੇ ਜਾਲ ਵਿੱਚ ਉਲਝਾ ਕੇ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਅਜਿਹੇ ਸਬਜ ਬਾਗ ਦਿਖਾਉਂਦੇ ਹਨ ਕਿ ਆਦਮੀ ਉਹਨਾਂ ਦੇ ਚੱਕਰ ਵਿੱਚ ਆ ਕੇ ਆਪਣੀ ਜਮਾ ਪੂੰਜੀ ਗੂਆ ਬੈਠਦਾ ਹੈ। ਅਜਿਹਾ ਇੱਕ ਮਾਮਲਾ ਥਾਣਾ ਸਾਈਬਰ ਕ੍ਰਾਈਮ ਵਿਖੇ ਦਰਜ ਕੀਤਾ ਗਿਆ ਹੈ।
ਜਿਸ ਮੁਤਾਬਕ ਸਾਈਬਰ ਠੱਗਾਂ ਨੇ ਸੁਖਜੀਤ ਕੌਰ ਪਤਨੀ ਤਜਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਮਿਲਰ ਗੰਜ ਲੁਧਿਆਣਾ ਹਾਲ ਵਾਸੀ ਮਾਨੂਕੇ ਨਾਲ ਵਾਪਰਿਆ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਸਾਈਬਰ ਥਾਣਾ ਦੇ ਏਐਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਸੁਖਜੀਤ ਕੌਰ ਵੱਲੋਂ ਇੱਕ ਸ਼ਿਕਾਇਤ ਦਰਜ ਕਰਕੇ ਆਪਣੇ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਉਸ ਨੂੰ ਕਿਸੇ ਨਾ ਮਾਲੂਮ ਔਰਤ ਦਾ ਫੋਣ ਆਇਆ ਤੇ ਕਿਹਾ ਕਿ ਉਹਨਾਂ ਦੀ ਕੰਪਨੀ ਆਨਲਾਈਨ ਕੰਮ ਕਰਦੀ ਹੈ ਅਤੇ ਉਹ ਘਰ ਬੈਠ ਕੇ ਚੰਗੇ ਪੈਸੇ ਕਮਾ ਸਕਦੀ ਹੈ।
ਜੇਕਰ ਸੁਖਜੀਤ ਕੌਰ ਉਹਨਾਂ ਦੀ ਕੰਪਨੀ ਵਿੱਚ ਇਨਵੈਸਟ ਕਰਦੀ ਹੈ ਤਾਂ ਕੰਪਨੀ ਤੁਹਾਡੇ ਪੈਸੇ ਇਨਵੈਸਟ ਕਰਕੇ ਕੁਝ ਦਿਨਾਂ ਚ ਵੱਡਾ ਫਾਇਦਾ ਦੇਦੀ ਹੈ। ਜਿਸ ਕਾਰਨ ਸੁਖਜੀਤ ਕੌਰ ਉਸ ਔਰਤ ਦੇ ਝੱਸੇ ਵਿੱਚ ਆ ਗਈ ਅਤੇ ਉਕਤ ਫਰਜੀ ਕੰਪਨੀ ਦੇ ਕੋਲ 9 ਲੱਖ 47 ਹਜਾਰ ਰੁਪਏ ਦੇ ਕਰੀਬ ਆਨਲਾਈਨ ਦੇ ਦਿੱਤੇ ਅਤੇ ਠੱਗੀ ਦਾ ਸ਼ਿਕਾਰ ਹੋਈ। ਜਦੋਂ ਸੁਖਜੀਤ ਕੌਰ ਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਚੱਲਿਆ ਤਾਂ ਉਸਨੇ ਇਸ ਦੀ ਸ਼ਿਕਾਇਤ ਥਾਣਾ ਸਾਈਬਰ ਕ੍ਰਾਈਮ ਨੂੰ ਦਿੱਤੀ ਅਤੇ ਥਾਣਾ ਸਾਈਬਰ ਕ੍ਰਾਈਮ ਵਿਖੇ ਉਕਤ ਫੋਨ ਕਰਨ ਵਾਲੀ ਅਣ ਪਛਾਤੀ ਔਰਤ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।