ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸ਼ਰਧਾਲੂਆਂ ਦਾ 53ਵਾਂ ਜੱਥਾ ਭਲਕੇ ਕਰਤਾਰਪੁਰ (ਪਾਕਿ:) ਵਿਖੇ ਹੋਵੇਗਾ ਨਤਮਸਤਕ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 22 ਜਨਵਰੀ,2025 - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਯਾਤਰਾ ਲਈ ਜੱਥੇ ਭੇਜਣ ਦਾ ਸਿਲਸਿਲਾ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਨਿਰੰਤਰ ਜਾਰੀ ਹੈ। ਸੁਸਾਇਟੀ ਵਲੋਂ ਇਸ ਸਾਲ ਦਾ ਦੂਸਰਾ ਅਤੇ ਕੁਲ ਮਿਲਾ ਕੇ 53ਵਾਂ ਜੱਥਾ ਕਲ (ਮਿਤੀ 24 ਜਨਵਰੀ) ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਨਤਮਸਤਕ ਹੋਵੇਗਾ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਜੱਥਾ ਸਵੇਰੇ ਚਾਰ ਵਜੇ ਸੁਸਾਇਟੀ ਦਫਤਰ ਤੋਂ ਰਵਾਨਾ ਹੋਵੇਗਾ ਜਿਸ ਵਿਚ ਨਵਾਂਸ਼ਹਿਰ ਤੋਂ ਇਲਾਵਾ ਰਾਹੋਂ, ਭਾਰਟਾ ਖੁਰਦ, ਚੱਕਦਾਨਾ, ਗੜ੍ਹਸ਼ੰਕਰ, ਬਰਨਾਲਾ ਕਲਾਂ, ਮਹਿਤਪੁਰ ਉਲੱਦਣੀ, ਮਹਿੰਦਪੁਰ, ਉਸਮਾਨਪੁਰ, ਘੱਕੇਵਾਲ, ਰਸੂਲਪੁਰ, ਮੁਹਾਲੀ, ਕਾਲੜਾ ਅਤੇ ਰਾਮਾਮੰਡੀ ਤੋਂ ਸੰਗਤਾਂ ਸ਼ਾਮਲ ਹੋਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਜੱਥਾ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਕਾਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪਿਛਲੇ ਲਗਭਗ 3 ਸਾਲ ਦੌਰਾਨ ਸੁਸਾਇਟੀ ਰਾਹੀਂ ਇਸ ਪਾਵਨ ਅਸਥਾਨ ਦੀ ਯਾਤਰਾ ਲਈ 52 ਜੱਥੇ ਭੇਜੇ ਜਾ ਚੁੱਕੇ ਹਨ ਅਤੇ ਅੱਜ ਜਾਣ ਵਾਲਾ ਜੱਥਾ 53ਵਾਂ ਜੱਥਾ 45 ਮੈਂਬਰਾਂ ਦਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਸੁਸਾਇਟੀ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜੱਥੇ ਦੇ ਲਈ ਸਵੇਰੇ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦੇ ਸਾਰੇ ਪ੍ਰਬੰਧ ਸੁਸਾਇਟੀ ਵਲੋਂ ਕੀਤੇ ਜਾਂਦੇ ਹਨ।
ਇਸ ਮੌਕੇ ਉਨਾ ਨਾਲ ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ ਸੇਵਾ ਮੁਕਤ ਡੀ ਐੱਸ ਪੀ, ਜਗਜੀਤ ਸਿੰਘ ਜਨਰਲ ਸਕੱਤਰ ਜਗਦੀਪ ਸਿੰਘ, ਪਰਮਿੰਦਰ ਸਿੰਘ ਕੰਞਲ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ, ਪਲਵਿੰਦਰ ਸਿੰਘ ਕਰਿਆਮ, ਕੁਲਜੀਤ ਸਿੰਘ ਖਾਲਸਾ ਅਤੇ ਹੋਰ ਮੈਂਬਰ ਵੀ ਮੌਜੂਦ ਸਨ।