ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ ਸਨੇਟਾ (ਮੋਹਾਲੀ) ਵਿਖੇ ਦਾਣਾ ਮੰਡੀ ਦੇ ਨਵੇਂ ਸਬ-ਯਾਰਡ ਦਾ ਨੀਂਹ ਪੱਥਰ
ਹਰਜਿੰਦਰ ਸਿੰਘ ਭੱਟੀ
- ਢਾਈ ਕਰੋੜ ਦੀ ਲਾਗਤ ਨਾਲ 5 ਏਕੜ ਚ ਬਣੇਗੀ ਮੰਡੀ
- ਆਲੇ ਦੁਆਲੇ ਦੇ 20 ਤੋਂ ਵਧੇਰੇ ਪਿੰਡਾਂ ਦੇ ਕਿਸਾਨਾਂ ਨੂੰ ਦਿੱਤੀ ਮੰਡੀ ਦਾ ਮਿਲੇਗਾ ਫ਼ਾਇਦਾ
- ਕਿਹਾ ਭਗਵੰਤ ਮਾਨ ਸਰਕਾਰ ਕੇਂਦਰ ਦੀ ਨਵੀਂ ਮੰਡੀਕਰਣ ਨੀਤੀ ਨੂੰ ਪੰਜਾਬ ਚ ਲਾਗੂ ਨਹੀਂ ਕਰੇਗੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜਨਵਰੀ, 2025: ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਮੋਹਾਲੀ ਦੇ ਪਿੰਡ ਸਨੇਟਾ ਵਿਖੇ 5 ਏਕੜ ਰਕਬੇ ਵਿੱਚ ਬਣਨ ਵਾਲੀ ਦਾਣਾ ਮੰਡੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਮੰਡੀ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ, ਜਿਸ ਨੂੰ 6 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਨੀਂਹ ਪੱਥਰ ਰੱਖਣ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਸ੍ਰੀ ਖੁੱਡੀਆਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਸ ਮੰਡੀ ਦੀ ਉਸਾਰੀ ਨੂੰ ਪ੍ਰਵਾਨਗੀ ਦੇ ਕੇ ਇਲਾਕੇ ਦੇ 20 ਤੋਂ ਵਧੇਰੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਨੇਟਾ ਦੇ ਵਿੱਚ ਮੰਡੀ ਦਾ ਫੜ੍ਹ ਨਾ ਹੋਣ ਕਾਰਨ ਸੜਕਾਂ ਦੇ ਕਿਨਾਰੇ ਫ਼ਸਲ ਵੇਚਣ ਲਈ ਢੇਰੀ ਕੀਤੀ ਜਾਂਦੀ ਸੀ। ਜਦੋਂ ਉਨ੍ਹਾਂ ਦੇ ਧਿਆਨ ਵਿੱਚ ਐੱਮ ਐਲ ਏ ਕੁਲਵੰਤ ਸਿੰਘ ਵੱਲੋਂ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਵੱਲੋਂ ਤੁਰੰਤ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਨੇਟਾ ਦੀ ਮੰਡੀ ਬਣਾਉਣ ਚ ਆ ਰਹੀਆਂ ਸਾਰੀਆਂ ਅੜਚਣਾਂ ਨੂੰ ਦੂਰ ਕਰਦੇ ਹੋਏ ਇਸ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ। ਕੈਬਿਨਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਅੱਜ ਇਲਾਕੇ ਦੀ ਵੱਡੀ ਮੰਗ ਪੂਰੀ ਹੋਈ ਹੈ। ਉਨ੍ਹਾਂ ਸਾਲ 2011 ਚ ਸਨੇਟਾ ਪਿੰਡ ਦੀ ਪੰਚਾਇਤ ਦੀ ਜ਼ਮੀਨ ਕਲੈਕਟਰ ਰੇਟ ਤੇ ਦੇਣ ਲਈ ਦਿਖਾਈ ਫਰਾਖਦਿਲੀ ਲਈ ਪੰਚਾਇਤ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਮੰਡੀ ਵਿੱਚ ਤਿੰਨ ਆਕਸ਼ਨ ਪਲੇਟਫਾਰਮ (ਬੋਲੀ ਲਾਉਣ ਵਾਲੇ ਉੱਚੇ ਸਥਾਨ), ਇੱਕ ਵੱਡਾ ਸ਼ੈੱਡ, 71 ਦੁਕਾਨਾਂ ਤੇ ਬੂਥ, ਪਾਣੀ ਦੀ ਟੈਂਕੀ ਅਤੇ ਡਿਸਪੋਜ਼ਲ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਮੰਡੀ ਲਈ 60000 ਕੁਇੰਟਲ ਝੋਨਾ ਅਤੇ 33000 ਕੁਇੰਟਲ ਕਣਕ ਦੀ ਆਮਦ ਦਰਜ ਕੀਤੀ ਜਾਂਦੀ ਸੀ, ਜੋ ਹੁਣ ਨਵੀਂ ਮੰਡੀ ਦੇ ਬਣਨ ਨਾਲ ਹੋਰ ਵਧੇਰੇ ਜਿਨਸ ਦੀ ਆਮਦ ਦੀ ਥਾਂ ਬਣੇਗੀ। ਉਨ੍ਹਾਂ ਕਿਹਾ ਕਿ ਇਹ ਮੰਡੀ ਸ਼ਹਿਰੀ ਇਲਾਕੇ ਨੂੰ ਸੀਜ਼ਨ ਦੇ ਦਿਨਾਂ ਵਿੱਚ ਆਉਂਦੀ ਟ੍ਰੈਫਿਕ ਦੀ ਮੁਸ਼ਕਿਲ ਤੋਂ ਵੀ ਵੱਡੀ ਰਾਹਤ ਦੇਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੰਗੇ ਬੀਜਾਂ, ਮਿਆਰੀ ਖਾਦਾਂ ਦੀ ਉਪਲਬਧਤਾ ਨੂੰ ਇਮਾਨਦਾਰੀ ਨਾਲ ਯਕੀਨੀ ਬਣਾ ਰਹੇ ਹਾਂ। ਕੇਂਦਰ ਦੀ ਨਵੀਂ ਮੰਡੀਕਰਨ ਨੀਤੀ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੱਕ ਬਜ਼ਾਰ ਚ ਅਨਾਜ ਦੇ ਭਾਅ ਵਧਣ ਤੱਕ ਫ਼ਸਲ ਘਰ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ 1800 ਤੋਂ ਵਧੇਰੇ ਪੰਜਾਬ ਵਿੱਚ ਮੰਡੀਆਂ/ਖਰੀਦ ਕੇਂਦਰ ਹਨ, ਜੋ ਇਸ ਨਵੀਂ ਪ੍ਰਣਾਲੀ ਨਾਲ ਨਹੀਂ ਚੱਲ ਸਕਦੇ, ਇਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਹਿਤਾਂ ਤੇ ਇਸ ਨਵੀਂ ਮੰਡੀਕਰਣ ਨੀਤੀ ਨਾਲ ਸਹਿਮਤ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਨਾਲ ਟਕਰਾਅ ਚ ਨਾ ਪੈ ਕੇ, ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਭੁੱਖ ਹੜਤਾਲ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਜਿਹੇ ਕਿਸਾਨ ਨੇਤਾਵਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ, ਕਿਸਾਨਾਂ ਦੀਆ ਮੰਗਾਂ ਵੱਲ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਸਨੇਟਾ ਦੀ ਮੰਡੀ ਦੀ ਸਥਾਪਤੀ ਇਲਾਕੇ ਦੀ ਵੱਡੀ ਮੁਸ਼ਕਿਲ ਅਤੇ ਚਣੌਤੀ ਬਣੀ ਹੋਈ ਸੀ, ਜੋ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਇਸ ਦੀ ਉਸਾਰੀ ਦੀ ਸ਼ੁਰੂਆਤ ਕਰਕੇ ਇਲਾਕੇ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਨੇ ਹੁਣ ਮੰਡੀ ਤੋਂ ਬਾਅਦ ਸਨੇਟਾ ਦੇ ਹਸਪਤਾਲ ਦੀ ਨਵੀਂ ਬਣੀ ਇਮਾਰਤ ਨੂੰ ਜਲਦ ਚਲਾਏ ਜਾਣ ਦੀ ਮੰਗ ਵੀ ਰੱਖੀ, ਜਿਸ ਨੂੰ ਖੇਤੀਬਾੜੀ ਮੰਤਰੀ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਕੋਲ ਪਹੁੰਚਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਖੁਦ ਪੀ ਐੱਚ ਸੀ ਦੀ ਇਮਾਰਤ ਦਾ ਜਾਇਜ਼ਾ ਵੀ ਲਿਆ।
ਆਪ ਪੰਜਾਬ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਇਸ ਮੌਕੇ ਆਪਣੇ ਸੰਖੇਪ ਸੰਬੋਧਨ ਵਿੱਚ ਆਖਿਆ ਕਿ ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ ਕੇਂਦਰ ਵੱਲੋਂ ਸੁਝਾਏ ਖੇਤੀ ਮੰਡੀਆਂ ਦੇ ਨਵੇਂ ਖਰੜੇ ਨੂੰ ਪੰਜਾਬ ਵੱਲੋਂ ਲਾਗੂ ਕਰਨ ਤੋਂ ਇੰਨਕਾਰ ਕਰਨ ਦੇ ਭਗਵੰਤ ਮਾਨ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ।
ਪੰਜਾਬ ਮੰਡੀ ਬੋਰਡ ਦੇ ਸਕੱਤਰ ਸ਼੍ਰੀ ਰਾਮਵੀਰ, ਏ ਡੀ ਸੀ (ਡੀ) ਸੋਨਮ ਚੌਧਰੀ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੀਪਾਂਕਰ ਗਰਗ, ਆਪ ਪੰਜਾਬ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਮੰਡੀ ਬੋਰਡ ਦੇ ਇੰਜੀਨੀਅਰ ਇਨ ਚੀਫ਼ ਜਤਿੰਦਰ ਸਿੰਘ ਭੰਗੂ ਮੁੱਖ ਇੰਜੀਨੀਅਰ ਮੰਡੀ ਬੋਰਡ ਗੁਰਿੰਦਰ ਸਿੰਘ ਚੀਮਾ, ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ, ਜੀ ਐਮ ਮੰਡੀ ਬੋਰਡ ਮਨਜੀਤ ਸਿੰਘ ਸੰਧੂ, ਜ਼ਿਲ੍ਹਾ ਮੰਡੀ ਅਫ਼ਸਰ ਗਗਨਦੀਪ ਸਿੰਘ, ਖੇਤੀਬਾੜੀ ਮੰਤਰੀ ਦੇ ਪੀ ਏ ਸੁਰਿੰਦਰ ਸਿੰਘ ਅਤੇ ਸਰਪੰਚ ਗੁਰਦੇਵ ਸਿੰਘ, ਸਾਬਕਾ ਸਰਪੰਚ ਭਗਤ ਰਾਮ ਤੇ ਸੰਜੀਵ ਕੁਮਾਰ ਅਤੇ ਸਮੂਹ ਪੰਚਾਇਤ ਸਨੇਟਾ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੌਜੂਦ ਸਨ।