ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਗ ਤੇ ਗੜੇਮਾਰੀ ਤੋਂ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਕਣਕ ਇਕੱਠੀ ਕਰਨੀ ਸ਼ੁਰੂ
ਅਸ਼ੋਕ ਵਰਮਾ
ਫਰੀਦਕੋਟ, 24 ਅਪ੍ਰੈਲ 2025 : ਕਿਰਤੀ ਕਿਸਾਨ ਯੂਨੀਅਨ ਦੀ ਫਰੀਦਕੋਟ ਦੀ ਜਿਲ੍ਹਾ ਕਮੇਟੀ ਨੇ ਇਹ ਫ਼ੈਸਲਾ ਕਰਦਿਆਂ ਕਿਹਾ ਜ਼ਿਲ੍ਹੇ ਵਿੱਚ ਕਿਸਾਨਾਂ ਦੀ ਹਜਾਰਾਂ ਏਕੜ ਕਣਕ ਅੱਗ ਤੇ ਗੜੇਮਾਰੀ ਨਾਲ ਤਬਾਹ ਹੋ ਗਈ ਹੈ। ਜਿਸ ਕਰਕੇ ਕਿਸਾਨ ਪਰਿਵਾਰਾਂ ਦਾ ਆਰਥਿਕ ਤੌਰ ਲੱਕ ਟੁੱਟ ਗਿਆ ਹੈ।ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ,ਜਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਦਬੜੀਖਾਨਾ, ਸਰਦੂਲ ਸਿੰਘ ਕਾਸਿਮ ਭੱਟੀ,ਰਜਿੰਦਰ ਕਿੰਗਰਾ ਤੇ ਪਰਮਜੀਤ ਸਿਵੀਆਂ ਨੇ ਕਿਹਾ ਕਿ ਓਹ ਕਿਸਾਨਾਂ ਦੇ ਸਮੁੱਚੇ ਨੁਕਸਾਨ ਦੀ ਭਰਪਾਈ ਤਾਂ ਨਹੀਂ ਕਰ ਸਕਦੇ ਪਰ ਜਿਥੇ ਜਿਥੇ ਵੀ ਜਥੇਬੰਦੀ ਦੀਆਂ ਇਕਾਈਆਂ ਕੰਮ ਕਰਦੀਆਂ ਨੇ ਉੱਥੋਂ ਉੱਥੋਂ ਕਿਸਾਨਾਂ ਦੇ ਸਹਿਯੋਗ ਨਾਲ ਪੀੜਤ ਤੇ ਲੋੜਵੰਦ ਕਿਸਾਨਾਂ ਮਜਦੂਰਾਂ ਦੀ ਮਦਦ ਕਰੇਗੀ!
ਇਸ ਕਾਰਜ ਦੀ ਅੱਜ ਪਿੰਡ ਸਿਵੀਆਂ ਚ ਕਿਰਤੀ ਕਿਸਾਨ ਯੂਨੀਅਨ ਨੇ ਸ਼ੁਰੂਆਤ ਕਰਦਿਆਂ ਇਕ ਟਰਾਲਾ ਕਣਕ ਦਾ ਇਕੱਠਾ ਕੀਤਾ ਜਿਸ ਵਿੱਚ ਸਿਵੀਆਂ ਪਿੰਡ ਦੀ ਪੰਚਾਇਤ ਨੇ ਭਰਵਾਂ ਸਹਿਯੋਗ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਮੂਹ ਕਿਸਾਨ ਭਾਈਚਾਰੇ ਨੂੰ ਪੀੜਤ ਕਿਸਾਨਾਂ ਦੀ ਬਾਂਹ ਫੜਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕੇ ਪ੍ਰਤੀ ਏਕੜ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਫੌਰੀ ਦਿੱਤਾ ਜਾਵੇ ਤੇ ਭਵਿੱਖ ਚ ਕਿਸਾਨਾਂ ਦੀਆਂ ਫਸਲਾਂ ਦਾ ਅੱਗ ਨਾਲ ਨੁਕਸਾਨ ਨਾਂ ਹੋਵੇ ਇਸ ਲਈ ਫਾਇਰ ਬਿਰਗੇਡ ਦੇ ਢੁੱਕਵੇ ਪ੍ਰਬੰਧ ਕੀਤੇ ਜਾਣ ਤੇ ਨਹਿਰਾ ਪਾਣੀ 12 ਮਹੀਨੇ ਚਲਦਾ ਰਖਿਆ ਜਾਵੇ ਤਾਂ ਜੋ ਸੂਇਆਂ,ਕੱਸੀਆਂ ਖਾਲਾਂ ਚ ਪਾਣੀ ਹੋਵੇ ਤੇ ਅੱਗ ਤੇ ਫੌਰੀ ਕਾਬੂ ਪਾਇਆ ਜਾ ਸਕੇ।