ਐਸਕੇਐਮ ਵੱਲੋਂ 26 ਜਨਵਰੀ ਨੂੰ ਕੀਤਾ ਜਾਵੇਗਾ ਟਰੈਕਟਰ ਮਾਰਚ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਜਨਵਰੀ 2024: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਦੀ ਇੱਕ ਮੀਟਿੰਗ ਜਥੇਬੰਦੀ ਦੇ ਮੁੱਖ ਦਫਤਰ ਨੇੜੇ ਦਫਤਰ ਟੋਲ ਪਲਾਜਾ ਵਿਖੇ ਯੂਨੀਅਨ ਦੇ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਉਪਰੰਤ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ( ਐਸਕੇਐਮ) ਦੇ ਸੱਦੇ ਉੱਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ -ਵਪਾਰੀਆਂ ਆੜਤੀਆਂ ਅਤੇ ਦੁਕਾਨਦਾਰਾਂ ਦੀਆਂ ਹੱਕੀ ਮੰਗਾਂ ਲਈ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ , ਜਿਸ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਹੋਵੇਗਾ ਤੇ ਇਸ ਦਾ ਰੂਟ ਲਾਲੜੂ ਮੰਡੀ ਤੋਂ ਲੈ ਕੇ ਜ਼ੀਰਕਪੁਰ ਤੱਕ ਦਾ ਹੋਵੇਗਾ।
ਉਨ੍ਹਾਂ ਦੱਸਿਆ ਇਹ ਟਰੈਕਟਰ ਮਾਰਚ ਪੂਰਨ ਤੌਰ 'ਤੇ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਤੱਕ ਕਿਸਾਨਾਂ ਤੇ ਮਜ਼ਦੂਰਾਂ ਦੀ ਹੱਕੀ ਮੰਗਾਂ ਦੀ ਗੱਲ ਪੁੱਜ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਰਾਣਾ ਭਗਵਾਨ ਪੁਰ, ਕੁਲਦੀਪ ਸਿੰਘ ਸਰਸੀਣੀ, ਬਲਜੀਤ ਸਿੰਘ ਭਾਊ, ਜਗਤਾਰ ਸਿੰਘ ਝਾਰਮੜੀ, ਹਰੀ ਸਿੰਘ ਬਹੋੜਾ, ਹਰੀ ਸਿੰਘ ਚਡਿਆਲਾ, ਗੁਰਪ੍ਰੀਤ ਸਿੰਘ ਜਸਤਨਾ, ਸਾਹਿਬ ਸਿੰਘ ਦੱਪਰ, ਹਰੀ ਸਿੰਘ ਰੰਗੀ, ਧਰਮਪਾਲ ਘੋਲੂ ਮਾਜਰਾ, ਮਾਸਟਰ ਗੁਰਚਰਨ ਸਿੰਘ ਤੋਗਾਪੁਰ, ਨਾਨੂੰ ਸਿੰਘ ਜਨੇਤਪੁਰ, ਜਸਵਿੰਦਰ ਸਿੰਘ ਅਮਲਾਲਾ, ਭਾਗ ਸਿੰਘ ਅਮਲਾਲਾ, ਕੇਹਰ ਸਿੰਘ ਚਡਿਆਲਾ, ਕਰਨੈਲ ਸਿੰਘ ਤੋਗਾਪੁਰ, ਗੁਰਪਾਲ ਸਿੰਘ ਦੱਪਰ, ਪਰਮਜੀਤ ਸਿੰਘ ਦੱਪਰ, ਬਖਸੀਸ ਸਿੰਘ ਭੱਟੀ ਤੇ ਨਿੱਕਾ ਸਿੰਘ ਝਾਰਮੜੀ ਆਦਿ ਵੀ ਹਾਜ਼ਰ ਸਨ।