ਐਚ.ਐਮ.ਈ.ਐਲ ਦੇ ਸਹਿਯੋਗ ਨਾਲ ਪੇਂਡੂ ਔਰਤਾਂ ਨੇ ਜਰਮਨੀ ਵਿਖੇ ਕੌਮਾਂਤਰੀ ਪ੍ਰਦਰਸ਼ਨੀ ਵਿੱਚ ਲਿਆ ਹਿੱਸਾ
ਅਸ਼ੋਕ ਵਰਮਾ
ਬਠਿੰਡਾ ,18 ਅਪ੍ਰੈਲ 2024 : ਪੰਜਾਬ ਦੀ ਪ੍ਰਾਚੀਨ ਹਥਕਲਾ ਫੁਲਕਾਰੀ ਨੂੰ ਜਿਉਂਦਾ ਰੱਖਣ ਅਤੇ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਐਚ.ਐਮ.ਈ.ਐਲ. ਵੱਲੋਂ ਨਾਭਾ ਫਾਊਂਡੇਸ਼ਨ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ ਫੁਲਕਾਰੀ ਪ੍ਰੋਜੈਕਟ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਛਾਪ ਛੱਡਣ ਲੱਗਾ ਹੈ। ਗੁਰੂ ਗੋਬਿੰਦ ਸਿੰਘ ਰਿਫਾਈਨਰੀ, ਬਠਿੰਡਾ ਦੇ ਆਲੇ-ਦੁਆਲੇ ਦੇ ਪਿੰਡਾਂ ਦੀਆਂ 300 ਤੋਂ ਵੱਧ ਮਹਿਲਾਵਾਂ ਨੂੰ ਫੁਲਕਾਰੀ ਤਾਲੀਮ ਦੇਣ ਤੋਂ ਬਾਅਦ, ਇਸ ਪ੍ਰੋਜੈਕਟ ਦੇ ਤਹਿਤ ਚੁਣੇ ਗਏ ਇੱਕ ਵਿਸ਼ੇਸ਼ ਪ੍ਰਤੀਨਿਧੀ ਮੰਡਲ ਨੇ 19 ਤੋਂ 23 ਮਾਰਚ 2025 ਤੱਕ ਜਰਮਨੀ ਦੇ ਡਾਰਟਮੁੰਡ ਸ਼ਹਿਰ ਦਾ ਦੌਰਾ ਕੀਤਾ ਅਤੇ ਯੂਰਪ ਦੀ ਸਭ ਤੋਂ ਵੱਡੀ ਰਚਨਾਤਮਕ ਪ੍ਰਦਰਸ਼ਨੀ ’ਕ੍ਰੀਏਟਿਵਾ’ ਵਿੱਚ ਭਾਗ ਲਿਆ। ਐਚ.ਐਮ.ਈ.ਐਲ. ਦੇ ਸਹਿਯੋਗ ਨਾਲ ਹੋਏ ਇਸ ਅੰਤਰਰਾਸ਼ਟਰੀ ਦੌਰੇ ਦਾ ਮਕਸਦ ਸੀ ਭਾਰਤ ਦੀ ਪਰੰਪਰਿਕ ਕਲਾ ਫੁਲਕਾਰੀ ਨੂੰ ਵਿਸ਼ਵ ਮੰਚ ’ਤੇ ਪੇਸ਼ ਕਰਨਾ, ਵਿਦੇਸ਼ੀ ਉਪਭੋਗਤਾ ਰੁਝਾਨਾਂ ਨੂੰ ਸਮਝਣਾ ਅਤੇ ਹਥਕਲਾ ਖੇਤਰ ਵਿੱਚ ਸੰਭਾਵਿਤ ਭਾਗੀਦਾਰੀਆਂ ਦੀ ਪਛਾਣ ਕਰਨਾ ਸੀ।
ਇਸ ਦੌਰੇ ਨੇ ਟਰੇਨਰ ਮਹਿਲਾਵਾਂ ਨੂੰ ਨਵੀਂ ਪ੍ਰੇਰਣਾ, ਅਧੁਨਿਕ ਡਿਜ਼ਾਈਨ ਸੋਚ ਅਤੇ ਵਿਸ਼ਵ ਫੈਸ਼ਨ ਦੀ ਸਮਝ ਦਿੱਤੀ। ਇਸ ਨਾਲ ਭਾਰਤ ਦੇ ਹਥਕਲਾ ਉਦਯੋਗ ਲਈ ਨਵੇਂ ਆਵਿਸ਼ਕਾਰ ਅਤੇ ਸੰਭਾਵਿਤ ਅੰਤਰਰਾਸ਼ਟਰੀ ਸਾਂਝਾਂ ਦੇ ਰਾਹ ਖੁੱਲੇ ਹਨ। ਇਸ ਦੌਰੇ ਦੀ ਅਗਵਾਈ ਐਚ.ਐਮ.ਈ.ਐਲ. ਬਠਿੰਡਾ ਦੇ ਸੀਐਸਆਰ ਮੁਖੀ ਸ਼੍ਰੀ ਵਿਸ਼ਵ ਮੋਹਨ ਪ੍ਰਸਾਦ ਅਤੇ ਨਾਭਾ ਫਾਊਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਸ਼ੁਭਰਾ ਸਿੰਘ ਨੇ ਕੀਤੀ। ਟੀਮ ਵਿੱਚ ਚਾਰ ਟਰੇਨਰ ਮਹਿਲਾਵਾਂ — ਸਤਵੀਰ ਕੌਰ (ਪਿੰਡ ਰਾਮਸਰਾ), ਮਨਪ੍ਰੀਤ ਕੌਰ (ਪਿੰਡ ਮਾਹੀਨੰਗਲ), ਸੰਦੀਪ ਕੌਰ (ਪਿੰਡ ਮਲਕਾਣਾ) ਅਤੇ ਲਖਬੀਰ ਕੌਰ ਨੇ ਭਾਗ ਲਿਆ, ਜਿਨ੍ਹਾਂ ਨੇ ਆਪਣੀ ਕਲਾ ਅਤੇ ਰਚਨਾਤਮਕਤਾ ਰਾਹੀਂ ਵਿਦੇਸ਼ੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਡਾਰਟਮੁੰਡ ਵਿੱਚ ਹੋਈ ’ਕ੍ਰੀਏਟਿਵਾ’ ਪ੍ਰਦਰਸ਼ਨੀ ਵਿੱਚ ਦੁਨੀਆ ਭਰ ਤੋਂ 700 ਤੋਂ ਵੱਧ ਪ੍ਰਦਰਸ਼ਕਾਂ ਨੇ ਹਿੱਸਾ ਲਿਆ। ਇਸ ਵਿੱਚ ਉਪਭੋਗਤਾ ਸਮਾਨ, ਰਚਨਾਤਮਕ ਕਲਾ, ਫੈਸ਼ਨ, ਟੈਕਸਟਾਈਲ ਅਤੇ ਪਰੰਪਰਿਕ ਹਥਕਲਾ ਦੀ ਵਿਸ਼ੇਸ਼ ਝਲਕ ਦਿਖਾਈ ਗਈ।
ਮਨਪ੍ਰੀਤ ਕੌਰ (ਟਰੇਨਰ, ਪਿੰਡ ਮਾਹੀਨੰਗਲ)
ਮੈਂ ਘਰ ਰਹਿ ਕੇ ਪ੍ਰਾਈਵੇਟ ਪੜਾਈ ਕਰ ਰਹੀ ਸੀ। ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਜਰਮਨੀ ਜਾ ਕੇ ਅੰਤਰਰਾਸ਼ਟਰੀ ਪ੍ਰਦਰਸ਼ਨੀ ਦਾ ਹਿੱਸਾ ਬਣਾਂਗੀ। ਐਚ.ਐਮ.ਈ.ਐਲ. ਦੇ ਫੁਲਕਾਰੀ ਪ੍ਰੋਜੈਕਟ ਨਾਲ ਜੁੜ ਕੇ ਨਾ ਸਿਰਫ਼ ਨਵੀਂ ਕਲਾ ਸਿੱਖਣ ਨੂੰ ਮਿਲੀ, ਸਗੋਂ ਇੱਕ ਟਰੇਨਰ ਵਜੋਂ ਪਛਾਣ ਵੀ ਮਿਲੀ। ਜਰਮਨੀ ਦੌਰੇ ਦੌਰਾਨ ਕਸ਼ਮੀਰੀ ਸ਼ਾਲਾਂ, ਪਸ਼ਮੀਨਾ ਅਤੇ ਕੁਦਰਤੀ ਰੰਗ ਵਾਲੇ ਕੱਪੜਿਆਂ ਤੋਂ ਸਿੱਖਿਆ ਕਿ ਭਾਰਤ ਦੀ ਕਲਾ ਨੂੰ ਅਧੁਨਿਕ ਡਿਜ਼ਾਈਨਾਂ ਨਾਲ ਜੋੜ ਕੇ ਕਿਵੇਂ ਅੰਤਰਰਾਸ਼ਟਰੀ ਮੰਚ ’ਤੇ ਪੇਸ਼ ਕੀਤਾ ਜਾ ਸਕਦਾ ਹੈ।
ਸੰਦੀਪ ਕੌਰ (ਟਰੇਨਰ, ਪਿੰਡ ਮਲਕਾਣਾ)
ਮੈਂ ਪਹਿਲਾਂ ਵਿਦੇਸ਼ ਪੜ੍ਹਾਈ ਲਈ ਜਾਣਾ ਚਾਹੁੰਦੀ ਸੀ। ਪਰ ਜਦੋਂ ਆਪਣੇ ਪਿੰਡ ਵਿੱਚ ਫੁਲਕਾਰੀ ਟਰੇਨਿੰਗ ਸ਼ੁਰੂ ਹੋਈ, ਤਾਂ ਐਚ.ਐਮ.ਈ.ਐਲ. ਅਤੇ ਨਾਭਾ ਫਾਊਂਡੇਸ਼ਨ ਨਾਲ ਜੁੜ ਗਈ। ਹੁਣ ਟਰੇਨਰ ਵਜੋਂ ਦੂਜੀਆਂ ਮਹਿਲਾਵਾਂ ਨੂੰ ਸਿਖਾ ਰਹੀ ਹਾਂ। ਜਰਮਨੀ ਦੌਰੇ ਦੌਰਾਨ ਇੱਕ ਪ੍ਰਸਿੱਧ ਫੈਸ਼ਨ ਅਤੇ ਡਿਜ਼ਾਈਨ ਸੰਸਥਾ ਵੱਲੋਂ ਕਰਵਾਈ ਗਈ ’ਬੈਗ ਮੇਕਿੰਗ ਵਰਕਸ਼ਾਪ’ ਵਿੱਚ ਹਿੱਸਾ ਲੈ ਕੇ ਆਪਣੇ ਹੱਥੀਂ ਬੈਗ ਬਣਾਏ ਅਤੇ ਵਿਸ਼ਵ ਡਿਜ਼ਾਈਨ ਸਿੱਖਣ ਦਾ ਅਨੁਭਵ ਲਿਆ।"
ਸਤਵੀਰ ਕੌਰ (ਟਰੇਨਰ, ਪਿੰਡ ਰਾਮਸਰਾ)
ਮੈਂ ਪਹਿਲਾਂ ਘਰ ਵਿੱਚ ਹੀ ਸਿਲਾਈ ਕਰਦੀ ਸੀ। ਮੇਰੀ ਨਾਨੀ ਨੇ ਵਿਆਹ ਵਿੱਚ ਜੋ ਫੁਲਕਾਰੀ ਦਿੱਤੀ, ਉਸ ਤੋਂ ਪ੍ਰੇਰਨਾ ਲੈ ਕੇ ਸਿੱਖਿਆ। ਐਚ.ਐਮ.ਈ.ਐਲ. ਨੇ ਮੈਨੂੰ ਟਰੇਨਰ ਬਣਨ ਦਾ ਮੌਕਾ ਦਿੱਤਾ। ਜਰਮਨੀ ’ਚ ਫੁਲਕਾਰੀ ’ਬੁੱਕਮਾਰਕਸ’ ਤਿਆਰ ਕਰਕੇ ਅੰਤਰਰਾਸ਼ਟਰੀ ਮਹਿਮਾਨਾਂ ਨੂੰ ਦਿੱਤੇ, ਜਿਨ੍ਹਾਂ ਨੇ ਇਸ ਦੀ ਬਹੁਤ ਸਾਰਾਹਨਾ ਕੀਤੀ। ਇਨ੍ਹਾਂ ਰਾਹੀਂ ਫੁਲਕਾਰੀ ਬਾਰੇ ਰਚਨਾਤਮਕ ਗੱਲਬਾਤਾਂ ਹੋਈਆਂ ਤੇ ਭਵਿੱਖ ਦੀ ਸਾਂਝ ਦੀ ਸੰਭਾਵਨਾ ਵੀ ਨਜ਼ਰ ਆਈ। ਕੋਲੋਨ ਦੇ ਬੁਟੀਕਸ ਅਤੇ ਡਿਜ਼ਾਈਨ ਸਟੋਅਰਾਂ ਦੇ ਦੌਰੇ ਨਾਲ ਉਨ੍ਹਾਂ ਨੂੰ ਜਰਮਨ ਖੇਤਰੀ ਫੈਸ਼ਨ ਰੁਝਾਨਾਂ ਦੀ ਵੀ ਵਧੀਆ ਸਮਝ ਮਿਲੀ, ਜਿਸ ਰਾਹੀਂ ਇਹ ਸਾਬਤ ਹੋਇਆ ਕਿ ਭਾਰਤ ਦੀ ਫੁਲਕਾਰੀ ਕੜਾਈ ਨੂੰ ਅਧੁਨਿਕ ਡਿਜ਼ਾਈਨਾਂ ਨਾਲ ਜੋੜ ਕੇ ਵਿਸ਼ਵ ਪੱਧਰ ’ਤੇ ਵੱਡੀ ਮੰਗ ਬਣਾਈ ਜਾ ਸਕਦੀ ਹੈ।