ਈਰਾਨ ਵਿੱਚ ਰਾਹੋਂ ਦਾ ਅਗਵਾ ਕੀਤਾ ਪਰਿਵਾਰ ਸੁਰੱਖਿਅਤ ਘਰ ਪਰਤਿਆ
ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਕੀਤਾ ਧੰਨਵਾਦ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ,07 ਅਕਤੂਬਰ,2025
ਸ਼੍ਰੀ ਆਨੰਦਪੁਰ ਸਾਹਿਬ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦੇ ਯਤਨਾਂ ਸਦਕਾ ਇੱਕ ਸਥਾਨਕ ਪਰਿਵਾਰ ਵਿੱਚ ਮੁੜ ਖੁਸ਼ੀ ਦੀ ਲਹਿਰ ਦੌੜ ਗਈ ਹੈ, ਜਦੋਂ ਈਰਾਨ ਵਿੱਚ ਉਕਤ ਪਰਿਵਾਰ ਦੇ ਅਗਵਾ ਕੀਤੇ ਤਿੰਨ ਮੈਂਬਰਾਂ ਸੋਮਵਾਰ ਸ਼ਾਮ ਨੂੰ ਸਥਾਨਕ ਜੱਦੀ ਘਰ ਵਿੱਚ ਸੁਰੱਖਿਅਤ ਪਹੁੰਚ ਗਏ।
ਆਪਣੇ ਵਤਨ ਵਾਪਸ ਭੇਜੇ ਜਾਣ `ਤੇ ਪੀੜਤ ਧਰਮਿੰਦਰ ਸਿੰਘ, ਉਸਦੀ ਪਤਨੀ ਸੰਦੀਪ ਕੌਰ ਅਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਮਨਕੀਰਤ ਸਿੰਘ ਨਿਵਾਸੀ ਸਥਾਨਕ ਮੁਹੱਲਾ ਚੌਕ ਪੱਟੂਆਂ ਨੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦੇ ਤੁਰੰਤ ਦਖਲ ਲਈ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਅੱਗੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਈਰਾਨ ਵਿੱਚ ਉਨ੍ਹਾਂ ਨੂੰ ਲੱਭਣ ਅਤੇ ਬਚਾਉਣ ਲਈ ਯਕੀਨੀ ਬਣਾਇਆ ਗਿਆ। ਪਰਿਵਾਰ ਦੀ ਖੁਸ਼ੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਹ ਰਾਹੋਂ ਪਹੁੰਚਣ ਤੋਂ ਬਾਅਦ ਦੁਬਾਰਾ ਇਕੱਠੇ ਹੋਏ ਹਨ ਪੀੜਤਾਂ ਦੇ ਬਜ਼ੁਰਗ ਮਾਪੇ ਦੇ ਹੰਝੂ ਰੋਕਿਆਂ ਨਹੀਂ ਸਨ ਰੁਕ ਰਹੇ।
ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ, ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਜਿ਼ਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਰਾਹੀਂ ਭਰੇ ਮਨ ਨਾਲ ਉਨ੍ਹਾਂ ਨਾਲ ਸੰਪਰਕ ਕੀਤਾ ਕਿਉਂਕਿ ਉਨ੍ਹਾਂ ਦੇ ਅਜ਼ੀਜ਼ਾਂ ਨੂੰ 25 ਸਤੰਬਰ ਨੂੰ ਤਹਿਰਾਨ ਪਹੁੰਚਣ ਤੋਂ ਬਾਅਦ ਅਗਵਾ ਕਰ ਲਿਆ ਗਿਆ ਸੀ। ਇਹ ਤਿੰਨੋਂ ਸਰਹੱਦ ਪਾਰ ਘੁਟਾਲੇ ਦਾ ਸਿ਼ਕਾਰ ਹੋਏ ਸਨ ਅਤੇ ਬੇਈਮਾਨ ਟਰੈਵਲ ਏਜੰਟਾਂ ਦੁਆਰਾ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਵਸਣ ਦੇ ਲਾਲਚ ਬਦਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਪਰਿਵਾਰ ਨੂੰ ਧੋਖੇ ਨਾਲ ਦੁਬਈ ਰਾਹੀਂ ਈਰਾਨ ਭੇਜਿਆ ਗਿਆ ਸੀ, ਜਿੱਥੇ ਤਹਿਰਾਨ ਵਿੱਚ ਉਨ੍ਹਾਂ ਨੂੰ ਇਮਾਮ ਖੋਮੇਨੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਏਜੰਟ ਨਾਲ ਕਥਿਤ ਤੌਰ `ਤੇ ਜੁੜੇ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਸ੍ਰੀ ਕੰਗ ਨੇ ਕਿਹਾ ਕਿ ਉਹ ਉਦੋਂ ਤੋਂ ਬੰਦੀ ਸਨ ਅਤੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ, “ਕਿਉਂਕਿ ਇਹ ਮੇਰਾ ਇਖ਼ਲਾਕੀ ਫਰਜ਼ ਹੈ, ਇਸ ਲਈ ਪਰਿਵਾਰ ਨੂੰ ਬਚਾਉਣ ਲਈ ਤੁਰੰਤ ਦਖਲ ਯਕੀਨੀ ਬਣਾਉਣ ਲਈ ਇੱਕ ਪ੍ਰਤੀਬੇਨਤੀ ਰਾਹੀਂ ਵਿਦੇਸ਼ ਮੰਤਰਾਲੇ ਨੂੰ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ । ਮੈਂ ਨਿੱਜੀ ਤੌਰ `ਤੇ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮਾਮਲਾ ਉਠਾਉਣ ਲਈ ਨਵੀਂ ਦਿੱਲੀ ਵਿਖੇ ਮੰਤਰਾਲੇ ਵੀ ਗਿਆ ਸੀ। ਮੰਤਰਾਲੇ ਦੇ ਦਖਲ ਨਾਲ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਰਾਹਤ ਮਿਲੀ” ।