ਆਲ ਇੰਡੀਆ ਸਰਵਿਸਜ਼ ਸ਼ਤਰੰਜ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 20 ਜਨਵਰੀ ਨੂੰ
ਚੰਡੀਗੜ੍ਹ, 17 ਜਨਵਰੀ 2025 - ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਸਤਰੰਜ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 5 ਤੋਂ 13 ਫਰਵਰੀ, 2025 ਤੱਕ ਗੋਆ ਵਿਖੇ ਕਰਵਾਏ ਜਾਣਗੇ। ਪੰਜਾਬ ਦੀ ਪੁਰਸ਼ ਤੇ ਮਹਿਲਾ ਸ਼ਤਰੰਜ ਟੀਮਾਂ ਲਈ ਟਰਾਇਲ 20 ਜਨਵਰੀ ਨੂੰ ਮਲਟੀਪਰਪਜ਼ ਖੇਡ ਸਟੇਡੀਅਮ ਮੁਹਾਲੀ ਵਿਖੇ ਸਵੇਰੇ 10 ਵਜੇ ਲਏ ਜਾਣਗੇ।
ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ /ਨੀਮ ਸੁਰੱਖਿਆ ਸੰਸਥਾਵਾਂ/ਕੇਂਦਰੀ ਪੁਲਿਸ ਸੰਸਥਾਵਾਂ/ਪੁਲਿਸ/ਆਰਪੀਐਫ/ਸੀਆਈਐਸਐਫ/ਬੀਐਸ.ਐਫ./ਆਈਟੀਬੀਪੀ ਅਤੇ ਐਨਐਸਜੀ ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ਅੰਡਰਟੇਕਿੰਗ/ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ ’ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ ,ਜੋ 6 ਮਹੀਨੇ ਤੋਂ ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ।