ਆਪ ਦੇ ਵੱਡੇ ਆਗੂ ਅਤੇ ਗੁੱਜਰ ਭਾਈਚਾਰੇ ਦੇ ਨੁਮਾਇੰਦੇ ਆਗੂ ਅਮਿਤ ਕੁਮਾਰ ਸੇਠੀ ਨਵੇਂ ਅਕਾਲੀ ਦਲ ਵਿੱਚ ਸ਼ਾਮਿਲ
- ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਪਣੇ ਸੈਂਕੜੇ ਸਾਥੀਆਂ ਨਾਲ ਕੀਤੀ ਸ਼ਮੂਲੀਅਤ
ਚੰਡੀਗੜ੍ਹ/ਬਲਾਚੌਰ, 29 ਅਗਸਤ 2025 - ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।ਆਮ ਆਦਮੀ ਪਾਰਟੀ ਦੇ ਵੱਡੇ ਆਗੂ ਅਤੇ ਗੁੱਜਰ ਭਾਈਚਾਰੇ ਦੇ ਸਿਰਕੱਢ ਅਤੇ ਨੁਮਾਇੰਦੇ ਆਗੂ ਅਮਿਤ ਕੁਮਾਰ ਸੇਠੀ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਗੁੱਜਰ ਬਰਾਦਰੀ ਤੋ ਮਿਲੀ ਤਾਕਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਲਾ ਨਵਾਂ ਸ਼ਹਿਰ ਵਿੱਚ ਵੱਡੀ ਤਾਕਤ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅਮਿਤ ਕੁਮਾਰ ਸੇਠੀ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।
ਹਲਕਾ ਬਲਾਚੌਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਨੂੰ ਹਰ ਪਾਸੇ ਤੋਂ ਲੁੱਟਿਆ ਜਾ ਰਿਹਾ ਹੈ। ਅੱਜ ਪੰਜਾਬ ਵਿੱਚ ਕਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਹੜ੍ਹਾਂ ਦੇ ਤਾਜਾ ਹਾਲਤਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਅੱਜ ਪੰਜਾਬ ਅੰਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੀ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਮਜ਼ਬੂਤ ਵੇਖਣਾ ਚਾਹੁੰਦੇ ਹਨ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਆਸ ਕਰਦੇ ਹਨ,ਕਿ ਓਹਨਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦੀ ਹੈ। ਇਸ ਮੌਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਪੰਜਾਬ ਦੇ ਸੰਗਤ ਨੇ ਲੱਖਾਂ ਮੈਂਬਰਸ਼ਿਪ ਭਰਤੀ ਦੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਸ਼ਾ ਅਤੇ ਦਿਸ਼ਾ ਤੈਅ ਕੀਤੀ ਹੈ, ਇਸ ਤੇ ਡਟਵਾਂ ਪਹਿਰਾ ਦਿੱਤਾ ਜਾਵੇਗਾ। ਪੰਥਕ ਮੁੱਦਿਆਂ ਅਤੇ ਪੰਜਾਬੀਆਂ ਦੀ ਤਰਜਮਾਨੀ ਢੁੱਕਵੇਂ ਰੂਪ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਪਾਰਟੀ ਦੇ ਸਟੇਟ ਡੈਲੀਗੇਟ ਸਰਦਾਰ ਅਵਤਾਰ ਸਿੰਘ ਦੀ ਮਾਤਾ ਦੀ ਅੰਤਿਮ ਅਰਦਾਸ ਵਿੱਚ ਆਪਣੀ ਹਾਜ਼ਰੀ ਲਗਵਾਈ।
ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਅਮਿਤ ਕੁਮਾਰ ਸੇਠੀ ਨੇ ਕਿਹਾ ਕਿ ਅੱਜ ਪੰਜਾਬ ਨੂੰ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦ ਬਚੀ ਹੈ। ਅਮਿਤ ਕੁਮਾਰ ਸੇਠੀ ਨੇ ਜਿੱਥੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਗਤ ਕੀਤਾ ਉਥੇ ਹੀ ਭਰੋਸਾ ਦਿਵਾਇਆ ਕਿ ਪਾਰਟੀ ਦੇ ਨੀਤੀਗਤ ਪ੍ਰੋਗਰਾਮ ਨੂੰ ਘਰ ਘਰ ਤੱਕ ਲੈਕੇ ਜਾਣ ਲਈ ਤਨਦੇਹੀ ਨਾਲ ਕੰਮ ਕਰਨਗੇ ।
ਇਸ ਮੌਕੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਪੰਥ ਦੇ ਝੰਡੇ ਹੇਠ ਇਕੱਠੇ ਹੋਣ।
ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ, ਭਰਤੀ ਕਮੇਟੀ ਦੀ ਅਗਵਾਈ ਹੇਠ ਪੰਥ ਅਤੇ ਪੰਜਾਬ ਨੇ ਵੱਡੀ ਸਿਆਸੀ ਤਾਕਤ ਨੂੰ ਇਕੱਠਾ ਕੀਤਾ ਹੈ। ਪੰਦਰਾਂ ਲੱਖ ਦੇ ਲਗਭਗ ਹੋਈ ਭਰਤੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਹੈ। ਅੱਜ ਪੰਜਾਬ ਦਾ ਹਰ ਬਸ਼ਿੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਅਗਵਾਈ ਦੇ ਰੂਪ ਕਰਤਾ ਦੇ ਰੂਪ ਵਿੱਚ ਵੇਖਣਾ ਚਾਹੁੰਦਾ ਹੈ।
ਇਸ ਮੌਕੇ ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਅੱਜ ਪੰਜਾਬ ਦੀ ਤਰਸਯੋਗ ਹਾਲਾਤ ਲਈ ਕੇਂਦਰ ਅਤੇ ਸੂਬਾ ਸਰਕਾਰ ਦੋਹੇਂ ਜ਼ਿੰਮੇਵਾਰ ਹਨ। ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਅੱਜ ਪੰਜਾਬ ਹੜ੍ਹਾਂ ਦੀ ਮਾਰ ਹੇਠ ਜਦੋਂ ਕਿ ਸੂਬਾ ਸਰਕਾਰ ਸਿਰਫ ਬਿਆਨਬਾਜ਼ੀ ਜਰੀਏ ਸਮਾਂ ਟਪਾਉਣ ਦੀ ਕੋਸ਼ਿਸ਼ ਵਿੱਚ ਹੈ।
ਇਸ ਮੌਕੇ ਐਸਜੀਪੀਸੀ ਮੈਬਰ ਮਹਿੰਦਰ ਸਿੰਘ ਹੁਸੈਨਪੁਰ ਨੇ ਵੀ ਸੰਬੋਧਨ ਕੀਤਾ।ਸਰਦਾਰ ਰਣਬੀਰ ਸਿੰਘ ਪੂਨੀਆਂ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਹਲਕਾ ਬਲਾਚੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਤਾਕਤ ਮਿਕੀ।ਇਸ ਮੌਕੇ ਸਰਦਾਰ ਸੁਰਜੀਤ ਸਿੰਘ ਦੁਬਾਲੀ,ਸਰਦਾਰ ਗੁਰਚਰਨ ਸਿੰਘ ਉਲ਼ਦਾਨੀ, ਐਡਵੋਕੇਟ ਲਲਿਤ, ਸਰਦਾਰ ਨਿਰਮਲ ਮੰਨੇਵਾਲ,ਸਰਦਾਰ ਹਰਮਰਿੰਦਰ ਸਿੰਘ ਰਿੰਕੂ ਚਾਂਦਪੁਰੀ,ਸਰਦਾਰ ਸੋਹਣ ਸਿੰਘ ਰੌੜੀ,ਸਰਦਾਰ ਭੁਪਿੰਦਰ ਸਿੰਘ ਸਿੰਬਲ ਮਾਜਰਾ,ਜੱਥੇਦਾਰ ਰੇਸ਼ਮ ਸਿੰਘ,ਸਰਦਾਰ ਜਗਦੀਸ਼ ਸਿੰਘ ਸਹੂੰਗੜਾ,ਬਿੱਲਾ ਸਹੂੰਗੜਾ, ਰਾਜੀਵ ਚਾਂਦਪੁਰ ਰੁੜਕੀ, ਦਰਸ਼ਨ ਲਾਲ ਅਤੇ ਸਰਦਾਰ ਤਰਲੋਚਨ ਸਿੰਘ ਪਨਿਆਲੀ ਹਾਜ਼ਰ ਸਨ।