ਆਈ ਐਸ ਆਈ ਨੇ ਪੰਜਾਬ ’ਚ ਹਿੰਦੂ-ਸਿੱਖ ਭਾਈਚਾਰਕ ਸਾਂਝ ਖ਼ਤਮ ਕਰਨ ਦੀ ਸਾਜ਼ਿਸ਼ ਰਚੀ: ਮਜੀਠੀਆ
- ਭਗਵੰਤ ਮਾਨ ਸੂਬੇ ਵਿਚ ਘੱਟ ਗਿਣਤੀਆਂ ’ਤੇ ਹੋ ਰਹੇ ਹਮਲੇ ਰੋਕਣ ’ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ: ਬਿਕਰਮ ਸਿੰਘ ਮਜੀਠੀਆ
- ਅਕਾਲੀ ਦਲ ਕਦੇ ਵੀ ਸੂਬੇ ਵਿਚ ਆਪਸੀ ਭਾਈਚਾਰਕ ਸਾਂਝ ਵਿਚ ਖਲਲ ਨਹੀਂ ਪੈਣ ਦੇਵੇਗਾ
ਅੰਮ੍ਰਿਤਸਰ/ਮਜੀਠਾ, 17 ਜਨਵਰੀ 2025: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪਾਕਿਸਤਾਨ ਦੀ ਏਜੰਸੀ ਆਈ ਐਸ ਆਈ ਨੇ ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰਕ ਸਾਂਝ ਵਿਚ ਖਲਲ ਪਾਉਣ ਦੀ ਸਾਜ਼ਿਸ਼ ਰਚੀ ਹੈ ਤੇ ਹਿੰਦੂ ਭਾਈਚਾਰੇ ਸਮੇਤ ਘੱਟ ਗਿਣਤੀ ਭਾਈਚਾਰਿਆਂ ਦੇ ਪ੍ਰਮੁੱਖ ਆਗੂਆਂ ਨੂੰ ਗੈਂਗਸਟਰਾਂ ਤੇ ਅਤਿਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਸੰਵੇਦਨਸ਼ੀਲ ਘਟਨਾਕ੍ਰਮ ਪ੍ਰਤੀ ਅੱਖਾਂ ਮੀਟ ਕੇ ਬੈਠੇ ਹਨ।
ਅੱਜ ਇਥੇ ਮਜੀਠਾ ਹਲਕੇ ਵਿਚ ਸਾਬਕਾ ਚੇਅਰਮੈਨ ਪੱਪੂ ਜੈਂਤੀਪੁਰ ਤੇ ਪ੍ਰਮੁੱਖ ਵਕੀਲ ਅਮਨਦੀਪ ਕੁਮਾਰ ਜੈਂਤੀਪੁਰ ਦੀ ਰਿਹਾਇਸ਼ ’ਤੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਗੈਂਗਸਟਰ, ਅਤਿਵਾਦੀ ਤੇ ਸਮਾਜ ਵਿਰੋਧੀ ਅਨਸਰ ਆਈ ਐਸ ਆਈ ਦੇ ਇਸ਼ਾਰੇ ’ਤੇ ਸੂਬੇ ਦੀ ਬਹੁਤ ਮਿਹਨਤ ਨਾਲ ਕਮਾਈ ਸ਼ਾਂਤੀ ਨੂੰ ਘੱਟ ਗਿਣਤੀ ਭਾਈਚਾਰੇ ਦੇ ਵਪਾਰੀਆਂ ਤੇ ਪ੍ਰਮੁੱਖ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਭੰਗ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਮਨਦੀਪ ਕੁਮਾਰ ਜੈਂਤੀਪੁਰ ’ਤੇ ਕੀਤਾ ਗਿਆ ਗ੍ਰਨੇਡ ਹਮਲਾ ਇਸ ਸਰਹੱਦੀ ਪੱਟੀ ਵਿਚ 11ਵਾਂ ਅਜਿਹਾ ਹਮਲਾ ਹੈ ਪਰ ਆਪ ਸਰਕਾਰ ਦੇ ਨਾਲ-ਨਾਲ ਪੰਜਾਬ ਪੁਲਿਸ ਇਹਨਾਂ ਹਮਲਿਆਂ ਨੂੰ ਟਾਇਰ ਫਟਣ ਤੇ ਰੇਡੀਏਟਰ ਧਮਾਕਿਆਂ ਨਾਲ ਜੋੜ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹ ਦਲੀਲ ਉਦੋਂ ਵੀ ਗਲਤ ਸਾਬਤ ਹੋ ਗਈ ਜਦੋਂ ਸੂਬੇ ਦੇ ਡੀ ਜੀ ਪੀ ਨੇ ਘਟਨਾ ਵਾਲੀਆਂ ਥਾਵਾਂ ਦਾ ਦੌਰਾ ਕੀਤਾ। ਉਹਨਾਂ ਕਿਹਾਕਿ ਜਿਥੇ ਟਾਇਰ ਫਟਿਆ ਹੋਵੇ, ਉਥੇ ਡੀ ਜੀ ਪੀ ਨੂੰ ਜਾਣ ਦੀ ਕੀ ਲੋੜ ਪਈ ?
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਅਮਨਦੀਪ ਕੁਮਾਰ ਦੇ ਪਰਿਵਾਰ ਨੇ ਜੱਗੂ ਭਗਵਾਨਪੁਰੀਆ, ਹੈਪੀ ਚੱਠਾ ਤੇ ਹੋਰ ਗੈਂਗਸਟਰਾਂ ਦੇ ਖਿਲਾਫ 10 ਤੋਂ ਜ਼ਿਆਦਾ ਐਫ ਆਈ ਆਰ ਦਰਜ ਕਰਵਾਈਆਂ ਹਨ ਤੇ ਪਰਿਵਾਰ ਲਈ ਸੁਰੱਖਿਆ ਮੰਗਣ ਵਾਸਤੇ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਹੈ ਪਰ ਅਦਾਲਤੀ ਹੁਕਮਾਂ ਦੇ ਬਾਵਜੂਦ ਪਰਿਵਾਰ ਨੂੰ ਢੁਕਵੀਂ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ। ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਜੈਂਤੀਪੁਰ ਪਰਿਵਾਰ ਨੂੰ ਕੁਝ ਵੀ ਹੋ ਗਿਆ ਤਾਂ ਇਸ ਲਈ ਮੁੱਖ ਮੰਤਰੀ ਭਗਵਾਨ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਇਸ ਪਰਿਵਾਰ ਨੇ ਮਾਝਾ ਇਲਾਕੇ ਵਿਚ ਹਿੰਦੂ-ਸਿੱਖ ਭਾਈਚਾਰਕ ਸਾਂਝ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਗੈਂਗਸਟਰਾਂ ਅਤੇ ਅਤਿਵਾਦੀਆਂ ’ਤੇ ਪੰਜਾਬ ਵਿਚ ਨਕੇਲ ਪਾਉਣ ਵਾਸਤੇ ਕੱਖ ਵੀ ਨਹੀਂ ਕੀਤਾ ਪਰ ਸੂਬਾ ਪੁਲਿਸ ਨੇ ਦਿੱਲੀ ਪੁਲਿਸ ਨੂੰ ਇਕ ਸੂਚਨਾ ਭੇਜ ਕੇ ਆਖਿਆ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਜ਼ਿੰਦਗੀ ਖ਼ਤਰੇ ਵਿਚ ਹੈ ਤੇ ਉਹਨਾਂ ਦੀ ਸੁਰੱਖਿਆ ਵਧਾਈ ਜਾਵੇ। ਉਹਨਾਂਕਿਹਾ ਕਿ ਦਿੱਲੀ ਪੁਲਿਸ ਕੇਜਰੀਵਾਲ ਦੀ ਸੁਰੱਖਿਆ ਦਾ ਖਿਆਲ ਰੱਖ ਸਕਦੀ ਹੈ ਪਰ ਪੰਜਾਬੀਆਂ ਦੀ ਸੁਰੱਖਿਆ ਦਾ ਜ਼ਿੰਮਾ ਕੌਣ ਲਵੇਗਾ ਜਿਹਨਾਂ ਨੇ ਸੂਬੇ ਦੀ ਕਮਾਂਡ ਭਗਵੰਤ ਮਾਨ ਨੂੰ ਸੌਂਪੀ ਹੈ ?
ਉਹਨਾਂ ਕਿਹਾ ਕਿ ਬਜਾਏ ਅਰਵਿੰਦ ਕੇਜਰੀਵਾਲ ਦੀ ਚਿੰਤਾ ਕਰਨ ਦੇ ਭਗਵੰਤ ਮਾਨ ਨੂੰ ਪੰਜਾਬੀਆਂ ਦੀ ਚਿੰਤਾ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ ਜੋ ਸੂਬੇ ਦੇ ਟੈਕਸ ਦਾਤਾ ਹਨ। ਉਹਨਾਂ ਕਿਹਾ ਕਿ ਜਿਹੜੇ ਲੋਕ ਆਪਣੇ ਟੈਕਸਾਂ ਰਾਹੀਂ ਸੂਬੇ ਦੀ ਬੇਹਤਰੀ ਵਾਸਤੇ ਯੋਗਦਾਨ ਪਾਉਂਦੇ ਹਨ ਪਰ ਭਗਵੰਤ ਮਾਨ ਨੂੰ ਇਹਨਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਹੈ।
ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਸੂਬੇ ਵਿਚ ਭਾਈਚਾਰਕ ਸਾਂਝ ਨੂੰ ਭੰਗ ਨਹੀਂ ਹੋਣ ਦੇਵੇਗਾ।
ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਆਸਟਰੇਲੀਆ, ਨਿਊਜ਼ੀਲੈਂਡ ਤੇ ਦਿੱਲੀ ਦੌਰਿਆਂ ਵਿਚ ਰੁੱਝੇ ਰਹਿਣ ਦੀ ਥਾਂ ’ਤੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਵਾਸਤੇ ਤੁਰੰਤ ਕੰਮ ਕਰਨਾ ਸ਼ੁਰੂ ਕਰਨ ਕਿਉਂਕਿ ਪੰਜਾਬੀਆਂ ਨੇ ਸੂਬੇ ਦੀ ਵਾਗਡੋਰ ਉਹਨਾਂ ਨੂੰ ਸੌਂਪੀ ਹੈ ਕਿਸੇ ਹੋਰ ਨੂੰ ਨਹੀਂ।