ਅਸਲ ਸਥਿਤੀ ਤੋਂ ਵਾਕਫ਼ ਹੋਵੇ ਆਪ ਸਰਕਾਰ: ਅਰਵਿੰਦ ਖੰਨਾ
ਸੋਸ਼ਲ ਮੀਡਿਆ 'ਤੇ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਮੰਤਰੀ ਸੂਬੇ ਦੇ ਫਰਜ਼ੀ ਵਿਕਾਸ ਦੀ ਚਰਚਾ ਛੇੜਣੀ ਚਾਹੁੰਦੇ: ਅਰਵਿੰਦ ਖੰਨਾ
ਵਿਰੋਧੀਆਂ ਖਿਲਾਫ਼ ਪਰਚੇ ਦਰਜ਼ ਕਰਵਾਉਣ ਦੀ ਥਾਂ ਅਸਲ ਸਥਿਤੀ ਤੋਂ ਵਾਕਫ਼ ਹੋਵੇ ਆਪ ਸਰਕਾਰ: ਅਰਵਿੰਦ ਖੰਨਾ
ਸਰਕਾਰ ਦੀ ਨਲਾਇਕੀ ਕਾਰਨ ਨਸ਼ੇ ਅਤੇ ਭ੍ਰਿਸ਼ਟਾਚਾਰ ਦੀ ਦਲਦਲ 'ਚ ਫਸਿਆ ਪੰਜਾਬ : ਖੰਨਾ
ਚੰਡੀਗੜ੍ਹ, 18 ਮਾਰਚ 2025 :ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਅਮਨ ਕਾਨੂੰਨ ਦੀ ਮਾੜੀ ਸਥਿਤੀ ਪ੍ਰਤੀ ਬਿਆਨ ਦੇਣ ਵਾਲੇ ਵਿਰੋਧੀ ਧਿਰ ਦੇ ਆਗੂਆਂ ਖਿਲਾਫ਼ ਪਰਚੇ ਦਰਜ਼ ਕਰਵਾਉਣ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਮੁੱਖ ਮੰਤਰੀ ਪੰਜਾਬ ਦੀ ਅਸਲ ਸਥਿਤੀ ਤੋਂ ਵਾਕਫ਼ ਹੋਣ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਪੂਰੇ ਮੰਤਰੀ ਮੰਡਲ ਨੂੰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਨੇ ਪੰਜਾਬ ਨੂੰ ਨਸ਼ੇ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਇਸ ਤੋਂ ਇਲਾਵਾ ਹਰ ਦਿਨ ਪੰਜਾਬ ਵਿੱਚ ਸ਼ਰੇਆਮ ਗੁੰਡਾਗਰਦੀ ਕਾਰਨ ਕਤਲਾਂ ਦਾ ਸਿਲਸਿਲਾ ਸਿਖਰ 'ਤੇ ਹੈ, ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੰਤਰੀਆਂ ਦੇ ਆਹੁਦੇ ਦਾ ਸਤਿਕਾਰ ਵੀ ਘਟਾ ਦਿੱਤਾ ਹੈ। ਜਿਹੜੇ ਉਦਘਾਟਨ ਜਾਂ ਕੰਮ ਸਥਾਨਕ ਪੱਧਰ ਦੇ ਆਗੂ ਜਾਂ ਸਰਪੰਚਾਂ ਨੂੰ ਕਰਵਾਉਣੇ ਚਾਹੀਦੇ ਹਨ ਉਹ ਸਰਕਾਰ ਦੇ ਮੰਤਰੀ ਕਰ ਰਹੇ ਹਨ। ਸ਼੍ਰੀ ਖੰਨਾ ਨੇ ਕਿਹਾ ਕਿ ਸੋਸ਼ਲ ਮੀਡਿਆ *ਤੇ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਮੰਤਰੀ ਸੂਬੇ ਦੇ ਫਰਜ਼ੀ ਵਿਕਾਸ ਦੀ ਚਰਚਾ ਛੇੜਣੀ ਚਾਹੁੰਦੇ ਹਨ ਪਰ ਪੰਜਾਬ ਦੇ ਲੋਕ ਇੰਨ੍ਹਾਂ ਦੀ ਸਹੀ ਸਥਿਤੀ ਤੋਂ ਭਲੀਭਾਂਤ ਜਾਣੂ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਮੰਤਰੀਆਂ ਅਤੇ ਵਿਧਾਇਕਾਂ ਨੂੰ ਘੇਰ ਕੇ ਸਵਾਲ ਪੁੱਛਣੇ ਚਾਹੀਦੇ ਹਨ ਪਰ ਜੇਕਰ ਹੁਣ ਲੋਕ ਆਪ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਘੇਰ ਕੇ ਸਵਾਲ ਪੁੱਛਦੇ ਹਨ ਤਾਂ ਉਨ੍ਹਾਂ ਨੂੰ ਤਕਲੀਫ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦਾ ਗੁੱਸਾ ਇਸ ਸਮੇਂ ਸੱਤਵੇਂ ਅਸਮਾਨ *ਤੇ ਹੈ ਅਤੇ ਉਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਸਰਕਾਰ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ।
ਉਨ੍ਹਾਂ ਇਨ੍ਹਾਂ ਵੀ ਕਿਹਾ ਕਿ ਸਰਕਾਰ ਵੱਲੋਂ ਅੰਨ੍ਹੇ ਵਾਅਦੇ ਤੇ ਝੂਠੀ ਪ੍ਰਚਾਰ ਨੀਤੀ ਰਾਹੀਂ ਲੋਕਾਂ ਨੂੰ ਭਟਕਾਇਆ ਜਾ ਰਿਹਾ ਹੈ। ਹਕੀਕਤ ਇਹ ਹੈ ਕਿ ਪੰਜਾਬ ਦੇ ਕਿਸਾਨ, ਉਦਯੋਗਪਤੀ, ਮਜਦੂਰ, ਤੇ ਵਿਦਿਆਰਥੀ ਹਰ ਵਰਗ ਬੇਚੈਨ ਅਤੇ ਨਿਰਾਸ਼ ਹੈ।
ਸੋਸ਼ਲ ਮੀਡਿਆ 'ਤੇ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਮੰਤਰੀ ਸੂਬੇ ਦੇ ਫਰਜ਼ੀ ਵਿਕਾਸ ਦੀ ਚਰਚਾ ਛੇੜਣੀ ਚਾਹੁੰਦੇ ਹਨ, ਪਰ ਜਨਤਾ ਹੁਣ ਇਹਨਿਆਂ ਦੀ ਹਕੀਕਤ ਨੂੰ ਚੰਗੀ ਤਰ੍ਹਾਂ ਸਮਝ ਗਈ ਹੈ। ਅਸਲ ਵਿੱਚ, ਹਾਲਾਤ ਇੰਨੇ ਗੰਭੀਰ ਹਨ ਕਿ ਲੋਕ ਆਪਣੀਆਂ ਬੁਨਿਆਦੀ ਸੇਵਾਵਾਂ ਲਈ ਵੀ ਤਰਸ ਰਹੇ ਹਨ। ਨੌਕਰੀਆਂ ਗਾਇਬ ਹਨ, ਸਿਹਤ ਸੰਸਥਾਵਾਂ ਦੀ ਹਾਲਤ ਦਿਨੋਦਿਨ ਖ਼ਰਾਬ ਹੋ ਰਹੀ ਹੈ ਅਤੇ ਕਿਸਾਨ ਅਜੇ ਵੀ ਵਾਅਦਿਆਂ ਦੀ ਪੂਰੀ ਹੋਣ ਦੀ ਉਡੀਕ ਕਰ ਰਹੇ ਹਨ।