ਅਕਾਲੀ ਦਲ ਨੇ ਪਰਉਪਕਾਰ ਸਿੰਘ ਘੁੰਮਣ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਾਸਤੇ ਪਾਰਟੀ ਉਮੀਦਵਾਰ ਐਲਾਨਿਆ
ਚੰਡੀਗੜ੍ਹ, 17 ਅਪ੍ਰੈਲ 2025: ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਾਸਤੇ ਪਾਰਟੀ ਉਮੀਦਵਾਰ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ।
ਇਸ ਬਾਰੇ ਫੈਸਲਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ-ਨਾਲ ਲੁਧਿਆਣਾ ਦੇ ਸਾਬਕਾ ਤੇ ਮੌਜੂਦਾ ਕੌਂਸਲਾਂ ਸਮੇਤ ਪਾਰਟੀ ਆਗੂਆਂ ਨਾਲ ਵਿਸਥਾਰਿਤ ਵਿਚਾਰ ਵਟਾਂਦਰਾ ਕਰਨ ਉਪਰੰਤ ਲਿਆ ਗਿਆ ਹੈ।
ਪਾਰਟੀ ਦਾ ਮੰਨਣਾ ਹੈ ਕਿ ਪਰਉਪਕਾਰ ਸਿੰਘ ਘੁੰਮਣ ਨੂੰ ਉਹਨਾਂ ਵੱਲੋਂ ਪਾਰਟੀ ਅਤੇ ਲੋਕਾਂ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਪਾਰਟੀ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ।
ਸਰਦਾਰ ਘੁੰਮਣ ਲੁਧਿਆ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਨ ਅਤੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਰਹੇ ਹਨ।
ਅਕਾਲੀ ਦਲ ਨੇ ਐਲਾਨ ਕੀਤਾ ਕਿ ਪਾਰਟੀ ਉਮੀਦਵਾਰ ਨੂੰ ਚੋਣ ਪ੍ਰਚਾਰ ਦੌਰਾਨ ਲੋੜੀਂਦੀ ਮਦਦ ਕਰਨ ਵਾਸਤੇ ਪੰਜ ਮੈਂਬਰੀ ਪ੍ਰਚਾਰ ਕਮੇਟੀ ਵੀ ਬਣਾਈ ਗਈ ਹੈ ਜਿਸ ਵਿਚ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਹੀਰਾ ਸਿੰਘ ਗਾਬੜੀਆ, ਸ੍ਰੀ ਹਰੀਸ਼ ਰਾਏ ਢਾਂਡਾ ਅਤੇ ਸਰਦਾਰ ਪ੍ਰਿਤਪਾਲ ਸਿੰਘ ਪਾਲੀ ਨੂੰ ਸ਼ਾਮਲ ਕੀਤਾ ਗਿਆ ਹੈ। ਡਾ. ਦਲਜੀਤ ਸਿੰਘ ਚੀਮਾ ਨੂੰ ਜ਼ਿਮਨੀ ਚੋਣ ਵਾਸਤੇ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।