ਚਾਈਲਡ ਹੈਲਪਲਾਈਨ ਅਤੇ ਦਿਵਿਆਂਗਜਨ ਹੈਲਪਲਾਈਨ ਦਾ ਲੋਕ ਲੈਣ ਲਾਭ
ਫਾਜ਼ਿਲਕਾ, 24 ਅਪ੍ਰੈਲ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਸਿਵਲ ਜੱਜ ਸੀਨੀਅਰ ਡਿਵੀਜ਼ਨ ਸੀਜੇਐਮ ਰੁਚੀ ਸਵਪਨ ਸ਼ਰਮਾ ਨੇ ਕਿਹਾ ਹੈ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਹੇਠ ਜ਼ਿਲ੍ਹੇ ਵਿੱਚ ਕਾਨੂੰਨੀ ਸੇਵਾਵਾਂ ਅਥਾਰਟੀ ਕੰਮ ਕਰ ਰਹੀ ਹੈ। ਇਸ ਦੇ ਚੇਅਰਮੈਨ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਵਤਾਰ ਸਿੰਘ ਜੀ ਹਨ।
ਉਹਨਾਂ ਨੇ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਘੱਟ ਆਮਦਨ ਵਾਲੇ ਲੋਕਾਂ ਨੂੰ, ਬੰਦੀਆਂ ਨੂੰ, ਵੰਗਾਰ ਦੇ ਮਾਰਿਆਂ ਨੂੰ, ਔਰਤਾਂ ਨੂੰ ਅਤੇ ਕੁਦਰਤੀ ਆਫਤਾਂ ਤੋਂ ਪੀੜਤ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਉਪਲਬਧ ਕਰਵਾਈ ਜਾਂਦੀ ਹੈ, ਭਾਵ ਅਦਾਲਤਾਂ ਵਿੱਚ ਕੇਸ ਲੜਨ ਲਈ ਵਕੀਲ ਦੀ ਸਹੂਲਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ, ਲੋਕ ਅਦਾਲਤਾਂ ਜਾਂ ਸਮਝੌਤਾ ਕੇਂਦਰਾਂ ਰਾਹੀਂ ਵੀ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਕਰਵਾ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਲੋਕ ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੈਲਪਲਾਈਨ ਨੰਬਰ 15100 ‘ਤੇ ਕਾਲ ਕਰ ਸਕਦੇ ਹਨ।
ਇਸੇ ਤਰ੍ਹਾਂ, ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਚਾਈਲਡ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜੋ ਕਿ 1098 ਹੈ। ਕਿਸੇ ਵੀ ਤਰ੍ਹਾਂ ਦੀ ਮਦਦ ਲਈ ਪੀੜਤ ਬੱਚੇ ਇਸ ਨੰਬਰ ‘ਤੇ ਕਾਲ ਕਰ ਸਕਦੇ ਹਨ ਜਾਂ ਜੇਕਰ ਕਿਤੇ ਬੱਚਿਆਂ ਦੇ ਖ਼ਿਲਾਫ਼ ਕੋਈ ਅਪਰਾਧ ਹੋ ਰਿਹਾ ਹੋਵੇ ਜਾਂ ਉਨ੍ਹਾਂ ਤੋਂ ਭੀਖ ਮੰਗਵਾਈ ਜਾ ਰਹੀ ਹੋਵੇ, ਤਾਂ ਵੀ ਇਸ ਨੰਬਰ ‘ਤੇ ਕਾਲ ਕਰਕੇ ਸੂਚਨਾ ਦਿੱਤੀ ਜਾ ਸਕਦੀ ਹੈ।
ਇਸੇ ਤਰ੍ਹਾਂ, ਉਹਨਾਂ ਨੇ ਕਿਹਾ ਕਿ ਦਿਵਿਆਂਗਜਨਾਂ ਲਈ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜੋ ਕਿ 14456 ਹੈ। ਉਹਨਾਂ ਨੇ ਕਿਹਾ ਕਿ ਦਿਵਿਆਂਗ ਜਨ ਇਸ ਨੰਬਰ ‘ਤੇ ਕਾਲ ਕਰਕੇ ਆਪਣੇ ਲਈ ਸਰਕਾਰੀ ਸਕੀਮਾਂ ਅਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।