ਕੇਂਦਰੀ ਯੂਨੀਵਰਸਿਟੀ ਵਿਖੇ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਸ਼ੇਸ਼ ਭਾਸ਼ਣ
ਅਸ਼ੋਕ ਵਰਮਾ
ਬਠਿੰਡਾ, 11 ਜਨਵਰੀ 2025: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਵਾਈਸ ਚਾਂਸਲਰ ਪ੍ਰੋ਼. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ਪੰਜਾਬੀ ਦੇ ਬਹੁ-ਵਿਧਾਈ ਲੇਖਕ ਅਤੇ ਨਾਵਲਕਾਰ, ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਦੇ ਬੁਲਾਰੇ ਡੀ.ਏ.ਵੀ. ਕਾਲਜ, ਅਬੋਹਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਤਰਸੇਮ ਸ਼ਰਮਾ ਸਨ, ਜਿਹਨਾਂ ਨੇ ਆਪਣਾ ਭਾਸ਼ਣ “ਗਲਪਕਾਰ ਗੁਰਦਿਆਲ ਸਿੰਘ: ਸਿਰਜਣ ਪ੍ਰਕਿਰਿਆ ਅਤੇ ਸਿਰਜਣਾਵਾਂ” ਵਿਸ਼ੇ ਦੇ ਹਵਾਲੇ ਨਾਲ ਸਾਂਝਾ ਕੀਤਾ।
ਡਾ. ਤਰਸੇਮ ਸ਼ਰਮਾ, ਜਿਨ੍ਹਾਂ ਨੇ ਪ੍ਰੋ. ਗੁਰਦਿਆਲ ਸਿੰਘ ਦੇ ਜੀਵਨ ਅਤੇ ਰਚਨਾਵਾਂ ਤੇ ਡੂੰਘੀ ਮੁਹਾਰਤ ਹਾਸਲ ਕੀਤੀ ਹੈ, ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਗੁਰਦਿਆਲ ਸਿੰਘ ਦੇ ਜੀਵਨ ਦੀਆਂ ਬਾਰੀਕ ਤੰਦਾਂ ਨੂੰ ਫਰੋਲਦਿਆਂ ਹੋਇਆਂ, ਉਹਨਾਂ ਦੀ ਲਿਖਣ ਦੀ ਘਾਲਣਾ, ਮਿਹਨਤ ਅਤੇ ਸਿਰੜ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।
ਉਹਨਾਂ ਦੱਸਿਆ ਕਿ ਗੁਰਦਿਆਲ ਸਿੰਘ ਬੋਲਣ ਨਾਲੋਂ ਲਿਖ ਕੇ ਆਪਣੇ ਵਿਚਾਰ ਸਾਂਝੇ ਕਰਨੇ ਪਸੰਦ ਕਰਦੇ ਸਨ। ਉਹਨਾਂ ਕਿਹਾ ਕਿ ਗੁਰਦਿਆਲ ਸਿੰਘ ਖ਼ੁਦ ਲੇਖਕ ਹੋਣ ਦੇ ਨਾਲੋ-ਨਾਲ ਇਕ ਸੁਚੇਤ ਤੇ ਸੂਝਵਾਨ ਪਾਠਕ ਵੀ ਸਨ। ਇਸ ਕਾਰਨ ਉਹ ਆਪਣੀ ਲਿਖਤਾਂ ਵਿੱਚ ਵਰਤੇ ਜਾਣ ਵਾਲੇ ਇੱਕ-ਇੱਕ ਸ਼ਬਦ ਬਾਰੇ ਬਹੁਤ ਸੁਚੇਤ ਰਹਿੰਦੇ ਸਨ ਅਤੇ ਪਾਠਕ ਅਤੇ ਆਲੋਚਕ ਵਜੋਂ ਆਪਣੀ ਕਸੌਟੀ ਤੇ ਪੂਰਾ ਉਤਰਨ ਵਾਲੀਆਂ ਰਚਨਾਵਾਂ ਨੂੰ ਹੀ ਪ੍ਰਕਾਸ਼ਨ ਲਈ ਭੇਜਦੇ ਸਨ। ਇਸੇ ਕਾਰਨ ਉਨ੍ਹਾਂ ਦਾ ਬਹੁਤ ਸਾਰਾ ਸਾਹਿਤ ਹਾਲੇ ਵੀ ਅਣਪ੍ਰਕਾਸ਼ਿਤ ਪਿਆ ਹੈ।
ਡਾ. ਸ਼ਰਮਾ ਨੇ ਕਿਹਾ ਕਿ ਗੁਰਦਿਆਲ ਸਿੰਘ ਦੁਆਰਾ ਮੜ੍ਹੀ ਦਾ ਦੀਵਾ ਲਿਖਣ ਨਾਲ ਹੀ ਪੰਜਾਬੀ ਨਾਵਲ ਦਾ ਮੁਹਾਂਦਰਾ ਬਦਲ ਗਿਆ। ਗੁਰਦਿਆਲ ਸਿੰਘ ਘਟਨਾਵਾਂ ਨੂੰ ਮੁੱਲਵਾਨ ਬਣਾਉਂਦੇ ਸੀ ਅਤੇ ਪਾਤਰਾਂ ਦੇ ਮਨੋਵਿਗਿਆਨ ਨੂੰ ਚਿਤਰਦੇ ਸਨ। ਉਨ੍ਹਾਂ ਕੋਲ ਕਥਾ ਵਿਚ ਕਥਾ ਪਾ ਕੇ ਰਮਜ਼ ਸਮਝਾਉਣ ਦੀ ਜੁਗਤ ਸੀ। ਉਹਨਾਂ ਦੱਸਿਆ ਕਿ ਗੁਰਦਿਆਲ ਸਿੰਘ ਗਲਪਕਾਰ ਦੇ ਨਾਲ-ਨਾਲ ਸਮਰੱਥ ਬਾਲ ਸਾਹਿਤ ਦੇ ਲਿਖਾਰੀ ਵੀ ਸਨ। ਉਹਨਾਂ ਦੁਆਰਾ ਸਫ਼ਲ ਇਕਾਂਗੀ ਅਤੇ ਨਾਟਕ ਵੀ ਲਿਖੇ ਗਏ।
ਉਹਨਾਂ ਕਿਹਾ ਕਿ ਗੁਰਦਿਆਲ ਸਿੰਘ ਕਿਸੇ ਵਿਚਾਰਧਾਰਾ ਨਾਲ ਬੱਝੇ ਹੋਣ ਦੀ ਬਜਾਏ ਇਕ ਮਾਨਵਵਾਦੀ ਲੇਖਕ ਸਨ ਜੋ ਇਸ ਸਿਸਟਮ ਵਿਚ ਨਪੀੜੇ ਜਾ ਰਹੇ ਹਰੇਕ ਮਨੁੱਖ ਦੀ ਕਥਾ ਸਮਝਦੇ ਸਨ। ਇਸੇ ਕਾਰਨ ਅੱਜ ਵੀ ਉਨ੍ਹਾਂ ਦੀਆਂ ਰਚਨਾਵਾਂ ਦੀ ਸਾਰਥਿਕਤਾ ਉਵੇਂ ਹੀ ਬਰਕਰਾਰ ਹੈ। ਡਾ. ਤਰਸੇਮ ਸ਼ਰਮਾ ਦੇ ਜਾਣਕਾਰੀ ਭਰਪੂਰ ਭਾਸ਼ਣ ਤੋਂ ਬਾਅਦ ਸਰੋਤਿਆਂ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਕਈ ਅਣਛੋਹੇ ਪਹਿਲੂਆਂ ਬਾਰੇ ਗੱਲ ਕੀਤੀ।ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਪ੍ਰੋ. ਰਮਨਪ੍ਰੀਤ ਕੌਰ ਨੇ ਵਿਸ਼ੇਸ਼ ਬੁਲਾਰੇ ਅਤੇ ਸਰੋਤਿਆਂ ਦਾ ਸ਼ਾਬਦਿਕ ਸਵਾਗਤ ਕੀਤਾ ਅਤੇ ਡਾ. ਅਮਨਦੀਪ ਸਿੰਘ ਨੇ ਵਕਤਾ ਨਾਲ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦੇ ਅੰਤ ਤੇ ਡਾ. ਸਰਬਜੀਤ ਸਿੰਘ ਨੇ ਇਸ ਸਮਾਗਮ ਵਿੱਚ ਸ਼ਾਮਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਭਾਗਾਂ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।