ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਤੋਂ ਬਚਿਆ ਸਾਬਕਾ ਸਰਪੰਚ ਦਾ ਮੁੰਡਾ, ਪੁਲਿਸ ਵੱਲ ਹੋ ਗਿਆ ਸਿੱਧਾ
ਕਹਿੰਦਾ ਕੱਢ ਕੇ ਦਿਖਾਓ ਫਲੈਗ ਮਾਰਚ ਦੇਖਦਾਂ ਕਿੱਦਾਂ ਨਹੀਂ ਚੰਬੜਦੀ ਚਾਈਨਾ ਡੋਰ
ਰੋਹਿਤ ਗੁਪਤਾ
ਗੁਰਦਾਸਪੁਰ, 15 ਜਨਵਰੀ 2025- ਖੂਨੀ ਚਾਈਨਾ ਡੋਰ ਦਾ ਕਹਿਰ ਪੰਜਾਬ ਦੇ ਲਗਭਗ ਹਰ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ।ਧਾਰੀਵਾਲ ਚੋਂ ਲੰਘਦੇ ਜੀਟੀ ਰੋਡ ਤੇ ਹਿੰਦੂ ਕੰਨਿਆ ਮਹਾਂ ਵਿਦਿਆਲੇ ਕਾਲਜ ਦੇ ਨਜ਼ਦੀਕ ਆਲੋਵਾਲ ਦੇ ਸਾਬਕਾ ਸਰਪੰਚ ਦਾ ਮੁੰਡਾ ਕਰਨਬੀਰ ਸਿੰਘ ਪੰਨੂ ਇਸ ਡੋਰ ਦੀ ਚਪੇਟ ਵਿੱਚ ਆਉਣ ਤੋਂ ਮਸਾਂ ਬਚਿਆ।ਬਟਾਲਾ ਵਿਖੇ ਆਪਣੀ ਭੈਣ ਨੂੰ ਮਿਲ ਕੇ ਵਾਪਿਸ ਬੁਲਟ ਮੋਟਰਸਾਈਕਲ ਤੇ ਆ ਰਿਹਾ ਕਰਨਵੀਰ ਜੀਟੀ ਰੋਡ ਧਾਰੀਵਾਲ ਤੇ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਅਤੇ ਉਸਦਾ ਪੈਰ ਅਤੇ ਹੱਥ ਜਖਮੀ ਹੋ ਗਿਆ ਅਤੇ ਜੈਕਟ ਤੇ ਬੂਟ ਵੀ ਚੀਰੇ ਗਏ । ਗਨੀਮਤ ਰਹੀ ਕਿ ਮੋਟਰਸਾਈਕਲ ਦੀ ਰਫਤਾਰ ਹੋਲੀ ਹੋਣ ਦੇ ਕਾਰਨ ਇਸ ਦੀ ਜਾਨ ਬਚ ਗਈ। ਆਸ ਪਾਸ ਤੋਂ ਰਾਹਗੀਰਾਂ ਨੇ ਕਰਨਵੀਰ ਨੂੰ ਡੋਰ ਦੀ ਜਕੜ ਵਿੱਚੋਂ ਛੁਡਵਾਇਆ ਉੱਥੇ ਹੀ ਕਰਨਵੀਰ ਨੇ ਡੋਰ ਦੀ ਵਰਤੋਂ ਰੋਕਣ ਵਿੱਚ ਪੁਲਿਸ ਦੀਆਂ ਨਾਕਾਮੀ ਤੇ ਵੀ ਸਵਾਲ ਖੜੇ ਕੀਤੇ ਹਨ।
ਗੁੱਸੇ ਨਾਲ ਭਰੇ ਹੋਏ ਇਸ ਨੌਜਵਾਨ ਨੇ ਕਿਹਾ ਕਿ ਇਹ ਚਾਈਨਾ ਡੋਰ ਵਿਕ ਕਿੱਥੋਂ ਰਹੀ ਹੈ ਕੌਣ ਇਸ ਨੂੰ ਵੇਚ ਰਿਹਾ ਹੈ ਤੇ ਕਿਸ ਦੀ ਸ਼ੈ ਤੇ ਇਹ ਵਿਕ ਰਹੀ ਹੈ। ਲਗਾਤਾਰ ਜੋ ਚਾਈਨੀਜ਼ ਡੋਰ ਦੇ ਨਾਲ ਮੌਤਾਂ ਹੋਈਆਂ ਹਨ, ਪੁਲਿਸ ਸਿੱਧੇ ਤੌਰ ਤੇ ਇਸਦੀ ਜਿੰਮੇਦਾਰ ਹੈ ਕਿਉਂਕਿ ਪੁਲਿਸ ਦੀ ਲਾਪਰਵਾਹੀ ਦੇ ਕਾਰਨ ਚਾਈਨਾ ਡੋਰ ਪਹਿਲਾਂ ਨਾਲੋਂ ਵੀ ਵੱਧ ਮਹਿੰਗੇ ਰੇਟ ਵਿੱਚ ਵਿਕੀ ਹੈ । ਉਸਨੇ ਦਾਅਵਾ ਕੀਤਾ ਕਿ ਅੱਜ ਦੀ ਤਰੀਕ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਧਾਰੀਵਾਲ ਵਿੱਚ ਇੱਕ ਫਲੈਗ ਮਾਰਚ ਕੱਢ ਕੇ ਦਿਖਾਉਣ ਜੇਕਰ ਉਹਨਾਂ ਦੇ ਪੈਰਾਂ ਵਿੱਚ ਵੀ ਤੇ ਸਰੀਰ ਦੇ ਆਲੇ ਦੁਆਲੇ ਸੜਕ ਤੇ ਚਲਦੇ ਹੋਏ ਇਹ ਚਾਈਨਾ ਡੋਰ ਨਾ ਲਪੇਟੀ ਜਾਏ ਤਾਂ ਜੋ ਕਹਿਣਗੇ ਉਹ ਕਰਨ ਲਈ ਤਿਆਰ ਹੋਣਗੇ ।