ਟ੍ਰਾਈਡੈਂਟ ਗਰੁੱਪ ਵੱਲੋਂ ਡੀ.ਐਸ.ਟੀ. ਸਕੀਮ ਤਹਿਤ 55 ਆਈ.ਟੀ.ਆਈ. ਵਿਦਿਆਰਥੀਆਂ ਦਾ ਸਵਾਗਤ
ਪੰਜਾਬ/ਚੰਡੀਗੜ੍ਹ | 15 ਨਵੰਬਰ 2025
ਟ੍ਰਾਈਡੈਂਟ ਗਰੁੱਪ ਨੇ ਕੌਸ਼ਲ ਵਿਕਾਸ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਡੁਅਲ ਸਿਸਟਮ ਆਫ਼ ਟ੍ਰੇਨਿੰਗ (ਡੀ.ਐਸ.ਟੀ.) ਸਕੀਮ ਹੇਠ 55 ਆਈ.ਟੀ.ਆਈ. ਵਿਦਿਆਰਥੀਆਂ ਦਾ ਸਵਾਗਤ ਕੀਤਾ ਹੈ। ਇਹ ਵਿਦਿਆਰਥੀ ਹੁਣ ਸੰਸਥਾ ਵਿੱਚ ਆਨ-ਦ-ਜਾਬ ਟ੍ਰੇਨਿੰਗ (ਓ.ਜੇ.ਟੀ.) ਰਾਹੀਂ ਅਸਲੀ ਉਦਯੋਗਿਕ ਮਾਹੌਲ ਵਿੱਚ ਕੰਮ ਕਰਨ ਦਾ ਤਜਰਬਾ ਹਾਸਲ ਕਰਨਗੇ।
ਇਹ ਵਿਦਿਆਰਥੀ ਸਰਕਾਰੀ ਆਈ.ਟੀ.ਆਈ. ਬਰਨਾਲਾ, ਬਠਿੰਡਾ, ਮਲੇਰਕੋਟਲਾ ਅਤੇ ਬਰਨਾਲਾ (ਗਰਲਜ਼) ਸੰਸਥਾਵਾਂ ਤੋਂ ਚੁਣੇ ਗਏ ਹਨ। ਇਹਨਾਂ ਦਾ ਸੰਬੰਧ ਫਿਟਰ, ਇਲੈਕਟ੍ਰੀਸ਼ੀਅਨ, ਸਿਲਾਈ ਟੈਕਨਾਲੋਜੀ ਅਤੇ ਟੈਕਨੀਸ਼ੀਅਨ (ਵੈੱਟ ਪ੍ਰੋਸੈਸਿੰਗ) ਵਰਗੇ ਵੱਖ-ਵੱਖ ਟ੍ਰੇਡਾਂ ਨਾਲ ਹੈ। ਛੇ ਮਹੀਨੇ ਦੇ ਇਸ ਪ੍ਰਸ਼ਿਕਸ਼ਣ ਦੌਰਾਨ ਵਿਦਿਆਰਥੀ ਆਪਣੇ ਸਿਧਾਂਤਕ ਗਿਆਨ ਨੂੰ ਪ੍ਰਯੋਗਿਕ ਅਨੁਭਵ ਨਾਲ ਜੋੜ ਕੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਕੌਸ਼ਲ ਵਿਕਸਤ ਕਰਨਗੇ।
ਇੰਡਕਸ਼ਨ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਮੇਹਨਤ, ਇਮਾਨਦਾਰੀ, ਅਨੁਸ਼ਾਸਨ ਅਤੇ ਟੀਮਵਰਕ ਦੀ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸਿੱਖਣ ਦੀ ਲਗਨ ਅਤੇ ਸਮਰਪਣ ਹੀ ਸਫ਼ਲਤਾ ਦੀ ਕੁੰਜੀ ਹੈ।
ਹਰ ਵਿਦਿਆਰਥੀ ਨੂੰ ਟ੍ਰੇਨਿੰਗ ਦੌਰਾਨ ₹25,000 ਪ੍ਰਤੀ ਮਹੀਨਾ ਵਜੀਫ਼ਾ ਦਿੱਤਾ ਜਾਵੇਗਾ। ਇਸ ਮੌਕੇ ਉੱਤੇ ਵਿਦਿਆਰਥੀਆਂ ਨੂੰ ਆਪਣੀ ਆਮਦਨ ਦੀ ਸਹੀ ਵਰਤੋਂ ਕਰਨ ਅਤੇ ਬਚਤ ਦੀ ਆਦਤ ਪੈਦਾ ਕਰਨ ਦੀ ਸਲਾਹ ਦਿੱਤੀ ਗਈ। ਵਿਦਿਆਰਥੀਆਂ ਨੇ ਟ੍ਰਾਈਡੈਂਟ ਗਰੁੱਪ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਨਾ ਸਿਰਫ਼ ਆਰਥਿਕ ਸਹਾਇਤਾ ਦਿੱਤੀ ਗਈ ਹੈ, ਸਗੋਂ ਉਦਯੋਗਿਕ ਦੁਨੀਆ ਦਾ ਕੀਮਤੀ ਤਜਰਬਾ ਵੀ ਪ੍ਰਦਾਨ ਕੀਤਾ ਗਿਆ ਹੈ।
ਡੁਅਲ ਸਿਸਟਮ ਆਫ਼ ਟ੍ਰੇਨਿੰਗ (ਡੀ.ਐਸ.ਟੀ.) ਸਕੀਮ ਭਾਰਤ ਸਰਕਾਰ ਦੇ ਕੌਸ਼ਲ ਵਿਕਾਸ ਅਤੇ ਉਦਯਮਸ਼ੀਲਤਾ ਮੰਤਰਾਲੇ (ਐਮ.ਐਸ.ਡੀ.ਈ.) ਦੀ ਪਹਿਲ ਹੈ, ਜੋ 2016 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 2019 ਵਿੱਚ ਇਸ ਵਿੱਚ ਸੰਸ਼ੋਧਨ ਕੀਤਾ ਗਿਆ। ਇਸ ਦਾ ਮਕਸਦ ਆਈ.ਟੀ.ਆਈ. ਵਿਦਿਆਰਥੀਆਂ ਨੂੰ ਸਿਧਾਂਤਕ ਸਿੱਖਿਆ ਦੇ ਨਾਲ ਅਸਲੀ ਉਦਯੋਗਿਕ ਤਜਰਬਾ ਦੇਣਾ ਹੈ ਤਾਂ ਜੋ ਉਹ ਰੋਜ਼ਗਾਰ ਲਈ ਹੋਰ ਯੋਗ ਬਣ ਸਕਣ।
ਇਸ ਪਹਿਲ ਰਾਹੀਂ ਟ੍ਰਾਈਡੈਂਟ ਗਰੁੱਪ ਨੇ ਯੁਵਾ ਸਸ਼ਕਤੀਕਰਨ ਅਤੇ ਕੌਸ਼ਲ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਫਿਰ ਦੁਹਰਾਇਆ ਹੈ। ਸੰਸਥਾ ਦਾ ਕਹਿਣਾ ਹੈ ਕਿ ਇਹ ਨਵੀਂ ਪੀੜ੍ਹੀ ਆਪਣੇ ਜ਼ਜ਼ਬੇ ਅਤੇ ਮੇਹਨਤ ਨਾਲ ਉਦਯੋਗਿਕ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰੇਗੀ।