ਜੈਯਵੰਤ ਸਿੰਘ ਗਰੇਵਾਲ ਪੋਲੈਂਡ ਸਾਫਟ ਟੈਨਿਸ ਅੰਤਰਰਾਸ਼ਟਰੀ ਪ੍ਰਤੀਯੋਗਤਾ 'ਚ ਬਣਿਆ ਚੈਂਪੀਅਨ
- ਮਾਪਿਆਂ, ਪੰਜਾਬ ਸੂਬੇ ਤੇ ਦੇਸ਼ ਦਾ ਨਾਮ ਕੀਤਾ ਰੌਸ਼ਨ
ਸੁਖਮਿੰਦਰ ਭੰਗੂ
ਲੁਧਿਆਣਾ, 10 ਜੁਲਾਈ 2025 - ਪੰਜਾਬ ਦੇ ਉਭਰਦੇ ਖਿਡਾਰੀ ਜੈਯਵੰਤ ਸਿੰਘ ਗਰੇਵਾਲ ਨੇ ਪੌਲੈਂਡ ਸਾਫਟ ਟੈਨਿਸ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿੱਚ ਚੈਂਪੀਅਨ ਬਣਕੇ ਆਪਣੇ ਮਾਪਿਆਂ, ਪਿੰਡ ਅਯਾਲੀ, ਪੰਜਾਬ ਸੂਬਾ ਅਤੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
18ਵੇਂ ਪੌਲੈਂਡ ਕੱਪ ਅੰਤਰਰਾਸ਼ਟਰੀ ਸਾਫਟ ਚੈਂਪੀਅਨਸ਼ਿਪ, ਜਿਸਦਾ ਆਯੋਜਨ 4-9 ਜੁਲਾਈ ਤੱਕ ਵਾਰਸਾ ਵਿੱਚ ਹੋਇਆ, ਇਸ ਅੰਤਰਰਾਸ਼ਟਰੀ ਸਾਫਟ ਟੈਨਿਸ ਪ੍ਰਤੀਯੋਗਤਾ ਵਿੱਚ ਜੈਯਵੰਤ ਸਿੰਘ ਗਰੇਵਾਲ ਨੇ ਏਕਲ ਪ੍ਰਤੀਯੋਗਤਾ ਵਿੱਚ ਰਜਤ ਜਦਕਿ ਯੁਗਲ ਪ੍ਰਤੀਯੋਗਤਾ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਕੇ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ।
ਜੈਯਵੰਤ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇਸ਼ ਦਾ ਮਾਣ ਵਧਾਇਆ ਹੈ। ਪੰਜਾਬ ਸਾਫਟ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਅਨੁਮੀਤ ਸਿੰਘ ਸੋਢੀ, ਜਨਰਲ ਸਕੱਤਰ ਨਰਿੰਦਰਪਾਲ ਸਿਘ, ਸੰਯੁਕਤ ਸਕੱਤਰ ਡਾ. ਪ੍ਰਦੀਪ ਕੁਮਾਰ ਸਿੰਘ ਸਮੇਤ ਹੋਰ ਸੀਨੀਅਰ ਮੈਂਬਰਾਂ ਵੱਲੋਂ ਇਸ ਬੇਮਿਸਾਲ ਪ੍ਰਾਪਤੀ ਲਈ ਜੈਯਵੰਤ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਪਿਤਾ ਹਰਵੀਰ ਸਿੰਘ ਅਯਾਲੀ ਨੂੰ ਮਬਾਰਕਬਾਦ ਦਿੱਤੀ।
ਇਸ ਮੌਕੇ ਜਨਰਲ ਸਕੱਤਰ ਨੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਇਹ ਨੌਜਵਾਨ ਚੈਂਪੀਅਨ ਆਉਣ ਵਾਲੇ ਸਮੇਂ ਵਿੱਚ ਵੀ ਵੱਡੀਆਂ ਪੁਲਾਂਘਾ ਪੁੱਟੇਗਾ ਅਤੇ ਪੰਜਾਬ ਸੂਬੇ ਅਤੇ ਭਾਰਤ ਦੇਸ਼ ਦਾ ਨਾਮ ਸਾਫਟ ਟੈਨਿਸ ਵਿੱਚ ਸੁਨਹਿਰੀ ਅੱਖਰਾਂ ਨਾਲ ਅੰਕਿਤ ਕਰੇਗਾ।