ਲਾਲੜੂ ਮੰਡੀ ਦੇ ਜਨਤਕ ਪਖਾਨਿਆਂ ਦੀ ਮੂਹਰਲੀ ਥਾਂ ਗੰਦਗੀ ਦੇ ਢੇਰਾਂ ਨੇ ਮੱਲੀ
ਮਲਕੀਤ ਸਿੰਘ ਮਲਕਪੁਰ
ਲਾਲੜੂ, 8 ਜੁਲਾਈ 2025: ਨਗਰ ਕੌਂਸਲ ਲਾਲੜੂ ਦੇ ਆਮ ਲੋਕਾਂ ਵੱਲੋਂ ਗੰਦਗੀ ਸਬੰਧੀ ਮਾਮਲੇ ਵਾਰ-ਵਾਰ ਸਾਹਮਣੇ ਲਿਆਉਣ ਦੇ ਬਾਵਜੂਦ ਇਸ ਦਿਸ਼ਾ ਵਿੱਚ ਕੋਈ ਅਮਲ ਹੁੰਦਾ ਨਜ਼ਰ ਨਹੀਂ ਆ ਰਿਹਾ। ਤਾਜਾ ਉਦਾਹਰਣ ਲਾਲੜੂ ਮੰਡੀ ਦੇ ਜਨਤਕ ਪਖਾਨਿਆਂ ਸਾਹਮਣੇ ਲੱਗੇ ਗੰਦਗੀ ਦੇ ਢੇਰਾਂ ਤੋਂ ਮਿਲਦੀ ਹੈ। ਬਰਸਾਤ ਦੇ ਇਸ ਮੌਸਮ ਵਿੱਚ ਥਾਂ-ਥਾਂ ਖਿਲਰੀ ਗੰਦਗੀ ਜਿੱਥੇ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ, ਉੱਥੇ ਹੀ ਆਮ ਜਨਤਾ ਵਿੱਚ ਸਰਕਾਰੀ ਸਵੱਛਤਾ ਮੁਹਿੰਮ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਜਨਤਕ ਪਖਾਨਿਆਂ ਦੇ ਸਾਹਮਣੇ ਬਣੇ ਪਾਰਕ ਵਿੱਚ ਨਾ ਸਿਰਫ ਕੂੜੇ ਨਾਲ ਭਰੇ ਪੋਲੋਥੀਨ (ਲਿਫਾਫੇ) ਡਿੱਗੇ ਪਏ ਹਨ ਸਗੋਂ ਉਹ ਹਵਾ ਵਿੱਚ ਖਿਲਰ -ਖਿਲਰ ਕੇ ਸੜਕਾਂ ਤੇ ਦੁਕਾਨਾਂ ਮੂਹਰੇ ਆ ਰਹੇ ਹਨ। ਇਸ ਦੇ ਚੱਲਦਿਆਂ ਦੁਕਾਨਾਦਾਰਾਂ ਤੇ ਲਾਲੜੂ ਮੰਡੀ ਵਿੱਚ ਆਉਂਦੇ ਗਾਹਕਾਂ ਵਿੱਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ।
ਸਥਾਨਕ ਦੁਕਾਨਦਾਰਾਂ ਤੇ ਬਜ਼ਾਰ ਵਿੱਚ ਆਏ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਸਮੇਂ ਉੱਤੇ ਕੂੜੇ ਦੇ ਡਸਟਬਿਨ ਨਹੀਂ ਚੁੱਕਦੀ ਅਤੇ ਜਦੋਂ ਇਹ ਡਸਟਬਿੰਨ ਕੂੜੇ ਨਾਲ ਨੱਕੋ-ਨੱਕ ਭਰ ਜਾਂਦੇ ਹਨ ਤਾਂ ਇਹ ਨੇੜੇ ਖਿਲਰਣੇ ਸ਼ੁਰੂ ਹੋ ਜਾਂਦੇ ਹਨ। ਆਮ ਲੋਕਾਂ , ਦੁਕਾਨਦਾਰਾਂ ਤੇ ਗਾਹਕਾਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਸਮੇਂ ਸਿਰ ਡਸਟਬਿੰਨ ਖਾਲੀ ਕਰਨ ਦੇ ਨਾਲ -ਨਾਲ ਉੱਥੇ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ਨੂੰ ਸਖਤ ਹਦਾਇਤਾਂ ਵੀ ਕਰੇ। ਇਸ ਸਬੰਧੀ ਸੰਪਰਕ ਕਰਨ 'ਤੇ ਨਗਰ ਕੌਂਸਲ ਵਿੱਚ ਸਾਫ-ਸਫਾਈ ਦਾ ਵਾਧੂ ਚਾਰਜ ਵੇਖ ਰਹੇ ਇੰਸਪੈਕਟਰ ਲਖਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਜਨਰਲ ਇੰਸਪੈਕਟਰ ਦੀ ਹੈ ਪਰ ਫਿਰ ਵੀ ਉਹ ਜਲਦ ਹੀ ਇਸ ਕੂੜੇ ਨੂੰ ਚੁਕਵਾ ਦੇਣਗੇ।