ਟਟੀਹਰੀ ਤੇ ਬੱਚੇ
ਇੱਕ ਟਟੀਹਰੀ ਕਿਸਾਨ ਦੇ ਖੇਤ ਵਿੱਚ ਰਹਿੰਦੀ ਸੀ। ਉਸ ਨੇ ਅੰਡੇ ਦਿੱਤੇ ਤੇ ਆਂਡਿਆਂ ਵਿੱਚੋਂ ਬੱਚੇ ਨਿਕਲੇ। ਜਿਵੇਂ ਹੀ ਬੱਚੇ ਪਾਲਣੇ ਸ਼ੁਰੂ ਹੋਏ। ਟਟੀਹਰੀ ਹਮੇਸ਼ਾ ਚਿੰਤਾ ਵਿੱਚ ਰਹਿੰਦੀ ਕਿ ਕਿਤੇ ਕਿਸਾਨ ਦੀ ਫ਼ਸਲ ਜਲਦੀ ਪੱਕ ਨਾ ਜਾਵੇ।
ਜਦੋਂ ਉਹ ਦਾਣੇ ਚੁਗਣੇ ਜਾਂਦੀ ਤਾਂ ਬੱਚਿਆਂ ਨੂੰ ਹਦਾਇਤ ਕਰਦੀ ਕਿ ਉਹ ਕਿਸਾਨ ਤੇ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਅਤੇ ਚਾਰੇ ਪਾਸੇ ਦੇਖਦੇ ਰਹਿਣ।
ਜਦੋਂ ਟਟੀਹਰੀ ਚੋਗਾ ਚੁਗ ਕੇ ਆਈ ਤਾਂ ਬੱਚਿਆਂ ਨੇ ਦੱਸਿਆ;
“ਬੁਰੀ ਖ਼ਬਰ ਹੈ ਸਾਡੇ ਲਈ ਮਾਂ! ਕਿਸਾਨ ਆਪਣੇ ਦੋਵੇਂ ਪੁੱਤਰਾਂ ਨਾਲ ਖੇਤ ਆਇਆ ਸੀ। ਉਸ ਨੇ ਕਿਹਾ ਸੀ ਕਿ ਸਾਡੀ ਫ਼ਸਲ ਬਹੁਤ ਵਧੀਆ ਹੋ ਗਈ ਹੈ।
ਸਾਡੀ ਕਣਕ ਦੀ ਫ਼ਸਲ ਨੂੰ ਅਖੀਰਲਾ ਪਾਣੀ ਲਾ ਕੇ ਇਹਨੂੰ ਜਲਦੀ ਹੀ ਕੱਟਣਾ ਹੈ। ਟਟੀਹਰੀ ਹਰ ਰੋਜ਼ ਦੀ ਤਰਾਂ ਉੱਡ ਕੇ ਦਾਣੇ ਚੁਗਣ ਜਾਂਦੀ। ਸ਼ਾਮ ਨੂੰ ਆਉਂਦੇ ਹੀ ਬੱਚੇ ਉਸ ਨੂੰ ਖ਼ਬਰ ਦੇ ਦਿੰਦੇ ਸਨ।
ਕੁਝ ਦਿਨ ਬਾਅਦ ਫੇਰ ਕਿਸਾਨ ਆਪਣੇ ਪੁੱਤਰਾਂ ਨਾਲ ਖੇਤ ਆਇਆ ਅਤੇ ਉਸ ਨੇ ਆਪਣੇ ਪੁੱਤਰਾਂ ਨੁੰ ਕਿਹਾ ਕਿ ਸਾਡੀ ਕਣਕ ਪੱਕ ਗਈ ਹੈ। ਤੁਸੀਂ ਆਪਣੇ ਦੋਸਤ ਮਿੱਤਰਾਂ ਕੋਲ ਜਾ ਕੇ ਉਹਨਾਂ ਨੂੰ ਕਹੋ ਕਿ ਉਹਨਾਂ ਨੂੰ ਫ਼ਸਲ ਕੱਟਣ ਦੀ ਬੇਨਤੀ ਕਰਦਾ ਹਾਂ।
ਬੱਚਿਆਂ ਨੇ ਕਿਹਾ “ਮਾਂ ਹੁਣ ਸਾਡਾ ਕੀ ਬਣੂਗਾ?”
ਟਟੀਹਰੀ ਬੋਲੀ “ਬੱਚਿਓ! ਡਰਨ ਦੀ ਕੋਈ ਗੱਲ ਨਹੀਂ, ਤੁਸੀਂ ਬੇਫ਼ਿਕਰ ਹੋ ਕੇ ਆਪਣਾ ਗੁਜ਼ਾਰਾ ਇੱਥੇ ਹੀ ਕਰਦੇ ਰਹੋ”।
ਅਗਲੇ ਦਿਨ ਕਿਸਾਨ ਤੇ ਉਸਦੇ ਪੁੱਤਰ ਖੇਤ ਆਏ ਤੇ ਮਿੱਤਰਾਂ-ਦੋਸਤਾਂ ਦੀ ਉਡੀਕ ਕਰਦੇ ਥੱਕ ਗਏ ਪਰ ਕੋਈ ਨਹੀਂ ਆਇਆ। ਇਹ ਦੇਖ ਕੇ ਕਿਸਾਨ ਨੂੰ ਪਹਿਲਾਂ ਤਾਂ ਕਾਫ਼ੀ ਗ਼ੁੱਸਾ ਆਇਆ, ਪਰ ਥੋੜੀ ਦੇਰ ਬਾਅਦ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਜਾ ਕੇ ਉਹ ਮੇਰੇ ਵੱਲੋਂ ਸਕੇ ਸੰਬੰਧੀਆਂ ਭੂਆ, ਫੁੱਫੜ ਤੇ ਮਾਸੜ, ਮਾਸੀਆਂ ਨੂੰ ਮੇਰੇ ਵੱਲੋਂ ਬੇਨਤੀ ਕਰਨ ਕਿ ਸਾਡੀ ਕਣਕ ਦੀ ਫ਼ਸਲ ਪੱਕ ਗਈ ਹੈ। ਉਸ ਨੂੰ ਜਲਦੀ ਕੱਟਣਾ ਹੈ।
ਹਰ ਰੋਜ਼ ਦੀ ਤਰਾਂ ਟਟੀਹਰੀ ਜਦੋਂ ਸ਼ਾਮੀਂ ਚੋਗਾ ਚੁਗ ਕੇ ਘਰ ਬੱਚਿਆਂ ਕੋਲ ਆਈ ਤਾਂ ਬੱਚਿਆਂ ਨੇ ਸਾਰੀ ਕਹਾਣੀ ਸੁਣਾ ਦਿੱਤੀ।
ਬੱਚਿਆਂ ਦੇ ਇਹ ਬੋਲ ਸੁਣ ਕੇ ਟਟੀਹਰੀ ਖ਼ੁਸ਼ੀ ਵਿੱਚ ਬੋਲੀ “ਅਜੇ ਫ਼ਸਲ ਨਹੀਂ ਕੱਟੀ ਜਾਵੇਗੀ”।
ਦੋ ਤਿੰਨ ਦਿਨਾਂ ਬਾਅਦ ਮਾਲਕ ਪੁੱਤਰਾਂ ਨਾਲ ਫਿਰ ਆਇਆ। ਉਹ ਫਿਰ ਆਪਣੇ ਰਿਸ਼ਤੇਦਾਰਾਂ ਦੀ ਉਡੀਕ ਕਰਨ ਲੱਗਾ ਪਰ ਸ਼ਾਮ ਤੱਕ ਕੋਈ ਨਹੀਂ ਆਇਆ। ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ “ਪੁੱਤਰੋ ਸਾਡੀ ਕਣਕ ਬਹੁਤ ਪੱਕ ਗਈ ਹੈ ਹੁਣ ਇਸ ਦੀ ਬੱਲੀ ਵੀ ਝੜਨ ਨੂੰ ਤਿਆਰ ਹੈ। ਹੁਣ ਮੈਂ ਤੇ ਤੁਸੀਂ ਕੱਲ੍ਹ ਨੂੰ ਆਵਾਂਗੇ ਤੇ ਕਿਸੇ ਦੀ ਮਦਦ ਤੋਂ ਬਿਨਾਂ ਇਸ ਨੂੰ ਕੱਟਾਂਗੇ। ਤੁਸੀਂ ਲੁਹਾਰ ਤੋਂ ਦਾਤੀਆਂ ਦੇ ਦੰਦੇ ਕਢਵਾ ਲਵੋ”।
“ਇਹ ਸ਼ਬਦ ਸੁਣਦੇ ਹੀ ਬੱਚਿਆਂ ਦੀ ਮਾਂ ਟਟੀਹਰੀ ਬੋਲੀ “ਕਿ ਜੋ ਆਦਮੀ ਦੂਜਿਆਂ ਦੀ ਉਡੀਕ ਕੀਤੇ ਬਿਨਾਂ ਆਪਣਾ ਕੰਮ ਆਪ ਕਰਨ ਨੂੰ ਤਿਆਰ ਹੋ ਜਾਂਦਾ ਹੈ, ਉਹ ਉਸ ਨੂੰ ਆਪਣੇ ਦਮ ਤੇ ਜ਼ਰੂਰ ਕਰ ਲੈਂਦਾ ਹੈ”।
ਇਹ ਸ਼ਬਦ ਭਰੇ ਮਨ ਨਾਲ ਕਹਿੰਦੀ ਟਟੀਹਰੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉੱਥੋਂ ਤੁਰ ਪਈ।
ਮੁਹੰਮਦ ਰਮਜ਼ਾਨ
ਪਿੰਡ ਬਿੰਜੋਕੀ ਖ਼ੁਰਦ
ਜ਼ਿਲਾ ਮਾਲੇਰਕੋਟਲਾ
ਮੋਬਾਇਲ:95017-39800

-
ਮੁਹੰਮਦ ਰਮਜ਼ਾਨ, writer
ramjanmohamad@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.