9 ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਬਿਜਲੀ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ
ਰਵੀ ਜੱਖੂ
ਲੁਧਿਆਣਾ 8 ਜੁਲਾਈ 2025 - ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਉਨ੍ਹਾਂ ਦੀਆਂ ਹਮਖਿਆਲੀ ਜਥੇਬੰਦੀਆਂ ਵੱਲੋਂ ਆਪਣੇ ਸੰਵਿਧਾਨਿਕ ਹੱਕਾਂ ਦੀ ਪ੍ਰਾਪਤੀ ਲਈ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਨੂੰ ਸਫਲ ਬਣਾਉਣ ਲਈ ਬਿਜਲੀ ਨਿਗਮ ਦੀਆਂ ਸਾਰੀਆਂ ਜਥੇਬੰਦੀਆਂ ਦੇ ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਵੱਲੋਂ ਇੱਕ ਮੀਟਿੰਗ ਈਸੜੂ ਭਵਨ ਵਿਖੇ ਕੀਤੀ ਗਈ ਜਿਸ ਵਿੱਚ ਪੈਨਸ਼ਨਰਜ਼ ਯੂਨੀਅਨਾਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਜਿੱਥੇ ਹੜਤਾਲ ਨੂੰ ਸਫਲ ਬਣਾਉਣ ਉੱਤੇ ਚਰਚਾ ਕੀਤੀ ਗਈ ਉਥੇ ਹੀ ਜੋਨ ਅਤੇ ਡਵੀਜ਼ਨ ਪੱਧਰ ਤੱਕ ਸਾਝੀਆਂ ਕਮੇਟੀਆਂ ਬਣਾਉਣ ਬਾਰੇ ਵੀ ਵਿਚਾਰਾਂ ਹੋਈਆਂ। ਸਾਰੇ ਆਗੂਆਂ ਨੇ ਆਪਣੀਆਂ ਆਪਣੀਆਂ ਡਵੀਜਨਾਂ ਤੇ ਸਬ ਡਵੀਜਨਾਂ ਤੱਕ ਸਮੂਹਿਕ ਛੁੱਟੀਆਂ ਭਰਕੇ ਹੜਤਾਲ 'ਚ 100 ਫੀਸਦੀ ਹਾਜਰੀ ਯਕੀਨੀ ਬਣਾਉਣਗੇ। ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਗੂਆਂ ਨੇ ਨੇ ਕਿਹਾ ਕਿ ਭਾਜਪਾ ਦੇ ਕੇਂਦਰ ਸਰਕਾਰ ਮੁਲਾਜਮ ਮਾਰੂ ਹੈ ਜਿਸਦੀਆਂ ਨੀਤੀਆਂ ਖਿਲਾਫ ਅੱਜ ਸਮੁੱਚਾ ਮੁਲਾਜਮ ਵਰਗ ਸੰਘਰਸ਼ ਦੇ ਰਾਹ ਉੱਤੇ ਹੈ।
ਉਨ੍ਹਾਂ ਕਿਹਾ ਕਿ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਕਲ ਇੰਪਲਾਈਜ਼ ਅਤੇ ਇੰਜੀਨੀਅਰਜ਼ ਵੱਲੋਂ 9 ਜੁਲਾਈ ਨੂੰ ਕੇਂਦਰ ਸਰਕਾਰ ਦੀ ਇਸ ਨਿੱਜੀਕਰਨ ਦੀ ਨੀਤੀ ਅਤੇ 4 ਲੇਬਰ ਕੋਡਾਂ ਖਿਲਾਫ ਬਿਜਲੀ ਕਾਮਿਆਂ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਦੇਸ਼ ਦੀਆਂ 10 ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਵੀ ਇਸੇ ਦਿਨ 4 ਲੇਬਰ ਕੋਡ ਰੱਦ ਕਰਨ, ਸਰਕਾਰੀ ਖੇਤਰ ਅਤੇ ਸੇਵਾਂਵਾਂ ਦੇ ਨਿੱਜੀਕਰਨ ਵਿਰੁੱਧ, ਘੱਟ ਤੋਂ ਘੱਟ ਉਜਰਤਾਂ 26000/- ਰੁ ਪ੍ਰਤੀ ਮਹੀਨਾ ਕਰਨ ਅਤੇ ਈ.ਪੀ.ਐਫ ਤਹਿਤ 9000/- ਰੁ ਪ੍ਰਤੀ ਮਹੀਨਾ ਪੈਨਸ਼ਨ ਦੇਣ, ਕੱਚੇ ਕਾਮੇ ਪੱਕੇ ਕਰਨ, ਠੇਕੇਦਾਰੀ ਪ੍ਰਥਾ ਬੰਦ ਕਰਨ, ਬਿਜਲੀ ਸੋਧ ਬਿੱਲ ਰੱਦ ਕਰਨ, ਪੁਰਾਣੀ ਪੈਨਸ਼ਨ ਦੀ ਬਹਾਲੀ, ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਆਦਿ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।
ਇਸ ਲਈ ਸਮੁੱਚੇ ਬਿਜਲੀ ਕਾਮਿਆਂ ਨੂੰ ਅਪੀਲ ਹੈ ਕਿ ਇਸ ਦੇਸ਼ ਵਿਆਪੀ ਹੜਤਾਲ ਵਿੱਚ ਵੱਧ-ਚੜ ਕੇ ਭਾਗ ਲਿਆ ਜਾਵੇ ਤਾਂ ਜੋ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਆਪਣਾ ਰੋਸ ਦਰਜ ਕਰਵਾਇਆ ਜਾ ਸਕੇ। ਆਗੂਆਂ ਨੇ ਦੱਸਿਆ ਕਿ ਬਿਜਲੀ ਮੁਲਾਜਮ ਚੰਡੀਗੜ ਵਿੱਚ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਚ ਦੇਣ, ਯੂ ਪੀ ਬਿਜਲੀ ਬੋਰਡ ਅਤੇ ਪੰਜਾਬ ਦੀਆਂ ਕੁਝ ਡਵੀਜਨਾਂ ਨੂੰ ਨਿੱਜੀ ਹੱਥਾਂ ਚ ਦੇਣ ਦੀ ਤਿਆਰੀ ਅਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਿੱਚ ਤੇ ਪੰਜਾਬ ਸਰਕਾਰ ਦਾ ਰੱਵਈਆ ਵੀ ਭਾਜਪਾ ਦੇ ਕੇਂਦਰ ਸਰਕਾਰ ਜਿਹਾ ਹੋਣ ਦੇ ਚੱਲਦਿਆਂ ਅਸੀਂ ਪਹਿਲਾਂ ਹੀ "ਵਰਕ ਟੂ ਰੂਲ਼" ਤਹਿਤ ਕੰਮ ਕਰਦੇ ਹੋਏ ਸੰਘਰਸ਼ ਕਰ ਰਹੇ ਹਾਂ ਅਤੇ ਹੁਣ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਵੀ ਸਮੂਹਿਕ ਛੁੱਟੀਆਂ ਭਰਕੇ ਕਰਾਂਗੇ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਟੱਸ ਤੋਂ ਮੱਸ ਨਾ ਹੋਈ ਤਾਂ ਅਗਸਤ ਦੇ ਪਹਿਲੇ ਹਫਤੇ ਤੋਂ ਬਿਜਲੀ ਨਿਗਮ ਦੇ ਸਾਰੇ ਮੁਲਾਜਮ ਸਮੂਹਿਕ ਛੁੱਟੀਆਂ ਭਰਕੇ ਹੜਤਾਲ ਤੇ ਚਲੇ ਜਾਣਗੇ। ਇਸ ਮੌਕੇ ਕਰਤਾਰ ਸਿੰਘ, ਰਘਵੀਰ ਸਿੰਘ, ਰਛਪਾਲ ਸਿੰਘ, ਕੇਵਲ ਸਿੰਘ ਬਨਵੈਤ, ਠਾਕੁਰ ਸੋਬਨ ਸਿੰਘ, ਸਤੀਸ਼ ਭਾਰਦਵਾਜ, ਜਸਵੀਰ ਸਿੰਘ ਆਂਡਲੂ, ਗੁਰਪ੍ਰੀਤ ਸਿੰਘ ਮਹਿਦੂਦਾਂ, ਧਰਮਿੰਦਰ, ਸੁਰਜੀਤ ਸਿੰਘ, ਕੇਵਲ ਸਿੰਘ, ਗੌਰਵ ਕੁਮਾਰ, ਧਰਮਪਾਲ, ਹਿਰਦੇ ਰਾਮ, ਰਮੇਸ਼ ਕੁਮਾਰ, ਚਰਨਜੀਤ ਸਿੰਘ, ਜਗਦੇਵ ਸਿੰਘ, ਜਸਪ੍ਰੀਤ ਸਿੰਘ, ਕੇਵਲ ਕ੍ਰਿਸ਼ਨ, ਅਸ਼ੋਕ ਬੰਗੜ, ਸੁਖਦੇਵ ਸਿੰਘ ਅਤੇ ਹੋਰ ਹਾਜ਼ਰ ਸਨ।