ਗੁਰਦਾਸਪੁਰ ਸ਼ਹਿਰ ਦੇ ਬਜ਼ਾਰਾਂ ਵਿੱਚ ਗਲਤ ਪਾਰਕ ਕੀਤੇ ਵਾਹਨਾਂ ਦੇ ਚਲਾਨ ਕੱਟੇ
ਰੋਹਿਤ ਗੁਪਤਾ
ਗੁਰਦਾਸਪੁਰ, 08 ਜੁਲਾਈ 2025 - ਗੁਰਦਾਸਪੁਰ ਸ਼ਹਿਰ ਦੇ ਬਜ਼ਾਰਾਂ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਟੀ ਵੱਲੋਂ ਟਰੈਫਿਕ ਪੁਲਿਸ ਅਤੇ ਟਰਾਂਸਪੋਰਟ ਦਫ਼ਤਰ ਦੇ ਅਧਿਕਾਰੀਆਂ ਨਾਲ ਅੱਜ ਗੁਰਦਾਸਪੁਰ ਸ਼ਹਿਰ ਦੇ ਬਜ਼ਾਰਾਂ ਅਤੇ ਹਨੂਮਾਨ ਚੌਂਕ ਵਿੱਚ ਸੜਕ ਕਿਨਾਰੇ ਲੱਗੇ ਬੇਤਰਤੀਬੇ ਵਾਹਨਾਂ ਦੇ ਚਲਾਨ ਕੱਟੇ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਆਮ ਲੋਕਾਂ ਤੇ ਰਾਹਗੀਰਾਂ ਨੂੰ ਸ਼ਹਿਰ ਦੇ ਬਜ਼ਾਰਾਂ ਵਿੱਚ ਲੱਗਦੇ ਟਰੈਫਿਕ ਜਾਮਾਂ ਦੀ ਸਮੱਸਿਆ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਸੜਕਾਂ ਕਿਨਾਰੇ ਕੀਤੇ ਨਜ਼ਾਇਜ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ, ਓਥੇ ਬਜ਼ਾਰਾਂ ਵਿੱਚ ਗਲਤ ਢੰਗ ਨਾਲ ਪਾਰਕ ਹੋਈਆਂ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਨੂੰ ਢੁੱਕਵੀ ਥਾਂ ਉੱਪਰ ਹੀ ਪਾਰਕ ਕਰਨ ਤਾਂ ਜੋ ਆਵਜਾਈ ਵਿੱਚ ਕੋਈ ਅੜਚਨ ਨਾ ਆਵੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਕਿਹਾ ਕਿ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਤਾਂ ਜੋ ਬਜ਼ਾਰ ਵਿੱਚ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਬਜ਼ਾਰ ਖੁੱਲ੍ਹੇ ਹੋਣਗੇ ਤਾਂ ਦੁਕਾਨਾਂ ਉੱਪਰ ਗ੍ਰਾਹਕ ਵੀ ਵੱਧ ਆਉਣਗੇ ਜਿਸਦਾ ਸਿੱਧਾ ਫਾਇਦਾ ਦੁਕਾਨਦਾਰਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਜ਼ਾਇਜ ਕਬਜ਼ੇ ਹਟਾਉਣ ਅਤੇ ਗਲਤ ਪਾਰਕਿੰਗ ਕੀਤੇ ਵਾਹਨਾਂ ਖਿਲਾਫ਼ ਕਾਰਵਾਈ ਜਾਰੀ ਰਹੇਗੀ।