ਭਾਸ਼ਾ ਵਿਭਾਗ ਵੱਲੋਂ 30 ਜੂਨ ਨੂੰ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ 'ਕਵੀਸ਼ਰੀ ਦਿਵਸ ਸਮਾਗਮ'; ਹਰਭਜਨ ਮਾਨ ਹੋਣਗੇ ਮੁੱਖ ਮਹਿਮਾਨ
ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਯਾਦ ਨੂੰ ਸਮਰਪਿਤ ਹੋਵੇਗਾ ਇਹ ਵਿਸ਼ੇਸ਼ ਸਮਾਗਮ- ਭਾਸ਼ਾ ਭਵਨ ਪਟਿਆਲਾ ਦੇ ਓਪਨ ਏਅਰ ਥੀਏਟਰ ਵਿਖੇ ਸ਼ਾਮ 5 ਵਜੇ ਜੁੜੇਗੀ ਕਵੀਸ਼ਰੀ ਦੀ ਮਹਿਫ਼ਲ
ਪ੍ਰੋ. ਜਸਵਿੰਦਰ ਸ਼ਰਮਾ 'ਪੰਜਾਬ ਦੀ ਕਵੀਸ਼ਰੀ ਪ੍ਰੰਪਰਾ' 'ਤੇ ਪਾਉਣਗੇ ਚਾਨਣਾ; ਨਾਮਵਰ ਜਥੇ ਪੇਸ਼ ਕਰਨਗੇ ਵੰਨਗੀਆਂ
Babushahi Network
ਪਟਿਆਲਾ, 24 ਜੂਨ 2026- ਪੰਜਾਬ ਦੀ ਅਮੀਰ ਲੋਕ-ਕਲਾ, ਵਿਰਸੇ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਭਾਸ਼ਾ ਵਿਭਾਗ, ਪੰਜਾਬ ਵੱਲੋਂ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਮਿਤੀ 30 ਜੂਨ 2026 ਨੂੰ ਸ਼ਾਮ 05:00 ਵਜੇ ਭਾਸ਼ਾ ਭਵਨ ਪਟਿਆਲਾ ਦੇ ਓਪਨ ਏਅਰ ਥੀਏਟਰ ਵਿਖੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ‘ਕਵੀਸ਼ਰੀ ਦਿਵਸ ਸਮਾਗਮ’ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੀ ਕਵੀਸ਼ਰੀ ਪ੍ਰੰਪਰਾ ਨੂੰ ਸਤਿਕਾਰ ਦੇਣ ਅਤੇ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜਨ ਲਈ ਇਹ ਸਮਾਗਮ ਉਲੀਕਿਆ ਗਿਆ ਹੈ।
ਇਸ ਰਾਜ ਪੱਧਰੀ ਸਮਾਗਮ ਵਿੱਚ ਪੰਜਾਬੀ ਸੱਭਿਆਚਾਰ ਅਤੇ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਮੁੱਖ ਮਹਿਮਾਨ (Chief Guest) ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ, ਪੰਜਾਬੀ ਮਾਂ-ਬੋਲੀ ਅਤੇ ਇਤਿਹਾਸ ਦੇ ਮਾਹਿਰ ਪ੍ਰੋ. ਜਸਵਿੰਦਰ ਸ਼ਰਮਾ ਵੱਲੋਂ ‘ਪੰਜਾਬ ਦੀ ਕਵੀਸ਼ਰੀ ਪ੍ਰੰਪਰਾ’ ਵਿਸ਼ੇ 'ਤੇ ਸਰੋਤਿਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਦੇ ਇਤਿਹਾਸਕ ਮਹੱਤਵ ਨੂੰ ਉਜਾਗਰ ਕੀਤਾ ਜਾਵੇਗਾ।
ਸਮਾਗਮ ਦੌਰਾਨ ਪੰਜਾਬ ਦੇ ਪ੍ਰਸਿੱਧ ਕਵੀਸ਼ਰੀ ਜਥੇ ਆਪਣੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਰਾਹੀਂ ਰੰਗ ਬੰਨ੍ਹਣਗੇ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਸੇਵਾ ਸਿੰਘ ਪਾਲੀਆ, ਹਰਵਿੰਦਰ ਸਿੰਘ ਰੋਡੇ ਅਤੇ ਡਾ. ਸੰਪੂਰਨ ਸਿੰਘ ਟੱਲੇਵਾਲੀਆ ਦੇ ਕਵੀਸ਼ਰੀ ਜਥੇ ਸ਼ਾਮਲ ਹਨ, ਜੋ ਕਵੀਸ਼ਰੀ ਦੀਆਂ ਵੱਖ-ਵੱਖ ਰਵਾਇਤੀ ਅਤੇ ਇਤਿਹਾਸਕ ਵੰਨਗੀਆਂ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕਰਨਗੇ।
ਭਾਸ਼ਾ ਵਿਭਾਗ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ, ਲੇਖਕਾਂ, ਬੁੱਧੀਜੀਵੀਆਂ ਅਤੇ ਸੱਭਿਆਚਾਰਕ ਕਲਾਵਾਂ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਇਸ ਸਮਾਗਮ ਵਿੱਚ ਹੁੰਮ-ਹੁਮਾ ਕੇ ਸ਼ਾਮਿਲ ਹੋਣ ਅਤੇ ਕਵੀਸ਼ਰੀ ਦੇ ਇਸ ਮਹਾਂ-ਕੁੰਭ ਦਾ ਆਨੰਦ ਮਾਨਣ ਲਈ ਹਾਰਦਿਕ ਸੱਦਾ (ਖੁੱਲ੍ਹਾ ਸੱਦਾ) ਦਿੱਤਾ ਗਿਆ ਹੈ।
- Download Babushahi App
-
-