ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਸਵਰਨ ਸਿੰਘ ਭੰਗੂ ਦਾ ਦੇਹਾਂਤ
68 ਸਾਲ ਦੀ ਉਮਰ ਵਿੱਚ ਤੜਕਸਾਰ ਲਏ ਆਖਰੀ ਸਾਹ; ਸ੍ਰੀ ਚਮਕੌਰ ਸਾਹਿਬ ਅਤੇ ਪੱਤਰਕਾਰੀ ਜਗਤ ਵਿੱਚ ਸੋਗ ਦੀ ਲਹਿਰ
Babushahi Network
ਸ੍ਰੀ ਚਮਕੌਰ ਸਾਹਿਬ/ਰੋਪੜ, 4 ਜੂਨ 2026- ਪੱਤਰਕਾਰੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚੋਂ ਇੱਕ ਬਹੁਤ ਹੀ ਦੁਖਦਾਈ ਅਤੇ ਅਫ਼ਸੋਸਜਨਕ ਖ਼ਬਰ ਸਾਹਮਣੇ ਆਈ ਹੈ। ਰੋਜ਼ਾਨਾ "ਅਜੀਤ" ਉਪ-ਦਫ਼ਤਰ ਰੋਪੜ ਦੇ ਸਾਬਕਾ ਇੰਚਾਰਜ, ਕਲਮ ਦੇ ਧਨੀ ਅਤੇ ਕੰਗ ਮੈਮੋਰੀਅਲ ਅਕੈਡਮੀ ਬੱਸੀ ਗੁੱਜਰਾਂ ਦੇ ਡਾਇਰੈਕਟਰ ਸਵਰਨ ਸਿੰਘ ਭੰਗੂ (68) ਅੱਜ ਤੜਕਸਾਰ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਉਹ ਸ੍ਰੀ ਚਮਕੌਰ ਸਾਹਿਬ ਦੇ ਰਹਿਣ ਵਾਲੇ ਸਨ ਅਤੇ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਤੇ ਨਾਮਵਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਨ।
ਸਵਰਨ ਸਿੰਘ ਭੰਗੂ ਪੱਤਰਕਾਰੀ ਜਗਤ ਵਿੱਚ ਇੱਕ ਨਿਧੜਕ ਕਲਮ ਦੇ ਤੌਰ 'ਤੇ ਜਾਣੇ ਜਾਂਦੇ ਸਨ, ਜਿਨ੍ਹਾਂ ਨੇ ਲੰਮਾ ਸਮਾਂ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ। ਉਨ੍ਹਾਂ ਦੇ ਸਾਥੀਆਂ ਮੁਤਾਬਕ ਸਾਦਗੀ, ਸੇਵਾ ਅਤੇ ਸੱਚ ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮੰਤਰ ਸੀ। ਉਹ ਨਾ ਸਿਰਫ਼ ਇੱਕ ਬਿਹਤਰੀਨ ਪੱਤਰਕਾਰ ਸਨ, ਬਲਕਿ ਗਰੀਬਾਂ, ਯਤੀਮਾਂ ਅਤੇ ਲੋੜਵੰਦਾਂ ਲਈ ਹਮੇਸ਼ਾ ਮਸੀਹਾ ਬਣ ਕੇ ਬਹੁੜਦੇ ਸਨ। ਸਿੱਖਿਆ ਦੇ ਖੇਤਰ ਵਿੱਚ ਵੀ ਕੰਗ ਮੈਮੋਰੀਅਲ ਅਕੈਡਮੀ ਦੇ ਡਾਇਰੈਕਟਰ ਵਜੋਂ ਉਨ੍ਹਾਂ ਦਾ ਯੋਗਦਾਨ ਲਾਮਿਸਾਲ ਰਿਹਾ।
ਇਸ ਦੁਖਦਾਈ ਘੜੀ ਵਿੱਚ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰੇ ਨੇ ਭੰਗੂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਅਰਦਾਸ ਕੀਤੀ ਜਾ ਰਹੀ ਹੈ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਇਸ ਅਸਹਿ ਭਾਣੇ ਨੂੰ ਮੰਨਣ ਦਾ ਬਲ ਪ੍ਰਦਾਨ ਕਰੇ।