ਗੁਰਪ੍ਰੀਤ ਭੱਟੀ ਨੇ ਤਿੰਨ ਚੋਣਾਂ ਹਾਰਨ ਮਗਰੋਂ ਚੌਥੀ ਵਾਰ ਬਦਲੀ ਪਾਰਟੀ
ਅਕਾਲੀ ਦਲ ਵਾਰਿਸ ਪੰਜਾਬ ਦਾ ਪੱਲਾ ਫੜਿਆ, ਭਾਜਪਾ ਤੋਂ ਦਿੱਤਾ ਸੀ ਅਸਤੀਫਾ
ਖੰਨਾ 24 ਜੂਨ (ਰਵਿੰਦਰ ਢਿੱਲੋਂ)-ਪੰਜਾਬ ਦੀ ਸਿਆਸਤ ਵਿੱਚ ਕਰੀਬ 20 ਸਾਲਾਂ ਤੋਂ ਆਪਣੀ ਪਛਾਣ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਗੁਰਪ੍ਰੀਤ ਸਿੰਘ ਭੱਟੀ ਨੇ ਇੱਕ ਵਾਰ ਫਿਰ ਨਵਾਂ ਸਿਆਸੀ ਰਾਹ ਚੁਣਿਆ ਹੈ। ਭਾਜਪਾ ਨੂੰ ਅਲਵਿਦਾ ਕਹਿਣ ਤੋਂ ਕੁਝ ਦਿਨਾਂ ਬਾਅਦ ਹੀ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋ ਗਏ ਹਨ। ਭੱਟੀਆਂ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਹੋਏ ਸਮਾਗਮ ਦੌਰਾਨ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।
ਭੱਟੀ ਦੇ ਇਸ ਨਵੇਂ ਫੈਸਲੇ ਨੇ ਇੱਕ ਵਾਰ ਫਿਰ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਸਵਾਲ ਇਹ ਉੱਠ ਰਿਹਾ ਹੈ ਕਿ ਲਗਾਤਾਰ ਪਾਰਟੀਆਂ ਬਦਲਣ ਅਤੇ ਤਿੰਨ ਵਾਰ ਚੋਣ ਮੈਦਾਨ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਉਹ ਲੋਕਾਂ ਦਾ ਭਰੋਸਾ ਕਿਉਂ ਨਹੀਂ ਹਾਸਲ ਕਰ ਸਕੇ।
ਗੁਰਪ੍ਰੀਤ ਭੱਟੀ ਦਾ ਸਿਆਸੀ ਸਫਰ ਕਈ ਮੋੜਾਂ ਤੋਂ ਲੰਘਿਆ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਹੋਇਆ ਇਹ ਸਫਰ ਬਾਅਦ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਤੱਕ ਪਹੁੰਚਿਆ। ਸਾਲ 2012 ਵਿੱਚ ਉਨ੍ਹਾਂ ਨੇ ਖੰਨਾ ਤੋਂ ਪੀਪੀਪੀ ਦੇ ਉਮੀਦਵਾਰ ਵਜੋਂ ਚੋਣ ਲੜੀ, ਪਰ ਜਿੱਤ ਹਾਸਲ ਨਹੀਂ ਕਰ ਸਕੇ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ 2017 ਵਿੱਚ ਖੰਨਾ ਛੱਡ ਕੇ ਅਮਲੋਹ ਤੋਂ ਚੋਣ ਲੜੀ। ਹਲਕਾ ਬਦਲਣ ਦੇ ਬਾਵਜੂਦ ਨਤੀਜਾ ਨਹੀਂ ਬਦਲਿਆ ਅਤੇ ਉਨ੍ਹਾਂ ਨੂੰ ਮੁੜ ਹਾਰ ਦਾ ਸਾਹਮਣਾ ਕਰਨਾ ਪਿਆ।
ਬਾਅਦ ਵਿੱਚ ਭੱਟੀ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਰੁਖ ਕੀਤਾ। ਭਾਜਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਖੰਨਾ ਤੋਂ ਟਿਕਟ ਦਿੱਤੀ, ਪਰ ਤੀਜੀ ਵਾਰ ਵੀ ਉਹ ਵਿਧਾਨ ਸਭਾ ਤੱਕ ਨਹੀਂ ਪਹੁੰਚ ਸਕੇ। ਇਸ ਤਰ੍ਹਾਂ ਤਿੰਨ ਵੱਖ-ਵੱਖ ਪਾਰਟੀਆਂ ਦੇ ਚੋਣ ਨਿਸ਼ਾਨਾਂ ਹੇਠ ਚੋਣ ਲੜਨ ਦੇ ਬਾਵਜੂਦ ਉਹ ਜਿੱਤ ਦਾ ਰਾਹ ਨਹੀਂ ਲੱਭ ਸਕੇ।
ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਭੱਟੀ ਦੀ ਸਭ ਤੋਂ ਵੱਡੀ ਚੁਣੌਤੀ ਜ਼ਮੀਨੀ ਪੱਧਰ 'ਤੇ ਲਗਾਤਾਰ ਸਰਗਰਮੀ ਦੀ ਘਾਟ ਰਹੀ। ਚੋਣਾਂ ਦੌਰਾਨ ਉਹ ਭਾਵੇਂ ਕਾਫੀ ਸਰਗਰਮ ਦਿਖਾਈ ਦਿੱਤੇ, ਪਰ ਚੋਣਾਂ ਮਗਰੋਂ ਲੋਕਾਂ ਨਾਲ ਉਨ੍ਹਾਂ ਦਾ ਸੰਪਰਕ ਪਹਿਲਾਂ ਵਰਗਾ ਨਹੀਂ ਰਹਿੰਦਾ ਸੀ। ਇਸ ਕਾਰਨ ਉਹ ਮਜ਼ਬੂਤ ਜਨ ਅਧਾਰ ਅਤੇ ਪੱਕਾ ਵੋਟ ਬੈਂਕ ਤਿਆਰ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ।
ਸਥਾਨਕ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਭੱਟੀ ਨੇ ਸਿਆਸੀ ਮੌਕਿਆਂ ਨੂੰ ਵਿਚਾਰਧਾਰਾ ਨਾਲੋਂ ਵੱਧ ਤਰਜੀਹ ਦਿੱਤੀ। ਅਕਾਲੀ ਦਲ ਤੋਂ ਪੀਪੀਪੀ, ਫਿਰ ਆਮ ਆਦਮੀ ਪਾਰਟੀ, ਉਸਤੋਂ ਬਾਅਦ ਭਾਜਪਾ ਅਤੇ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣਾ ਇਸ ਗੱਲ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਉਹ ਅਜੇ ਵੀ ਆਪਣੇ ਲਈ ਸਹੀ ਸਿਆਸੀ ਮੰਚ ਦੀ ਤਲਾਸ਼ ਵਿੱਚ ਹਨ।
ਚਰਚਾ ਇਹ ਵੀ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਭੱਟੀ ਖੰਨਾ ਜਾਂ ਫਿਰ ਫਤਿਹਗੜ੍ਹ ਸਾਹਿਬ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਹਾਲਾਂਕਿ ਤਿੰਨ ਚੋਣਾਂ ਹਾਰਨ ਤੋਂ ਬਾਅਦ ਲੋਕਾਂ ਵਿੱਚ ਇਹ ਸਵਾਲ ਬਣਿਆ ਹੋਇਆ ਹੈ ਕਿ ਕੀ ਇਹ ਨਵਾਂ ਸਿਆਸੀ ਦਾਅ ਉਨ੍ਹਾਂ ਲਈ ਕਾਮਯਾਬ ਸਾਬਤ ਹੋਵੇਗਾ ਜਾਂ ਫਿਰ ਉਨ੍ਹਾਂ ਦੇ ਰਾਜਨੀਤਿਕ ਸਫਰ ਵਿੱਚ ਇੱਕ ਹੋਰ ਅਸਫਲ ਕੋਸ਼ਿਸ਼ ਵਜੋਂ ਦਰਜ ਹੋਵੇਗਾ।
ਕੀ ਕਹਿੰਦੇ ਹਨ ਗੁਰਪ੍ਰੀਤ ਭੱਟੀ
ਗੁਰਪ੍ਰੀਤ ਸਿੰਘ ਭੱਟੀ ਦਾ ਕਹਿਣਾ ਹੈ ਕਿ ਉਹ ਵਿਚਾਰਧਾਰਕ ਤੌਰ 'ਤੇ ਹਮੇਸ਼ਾ ਅਕਾਲੀ ਰਹੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਵੀ ਅਕਾਲੀ ਵਿਚਾਰਧਾਰਾ ਨਾਲ ਜੁੜਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2010 ਦੇ ਆਸ-ਪਾਸ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿਸ਼ਾ ਬਦਲਦੀ ਨਜ਼ਰ ਆਈ, ਜਿਸ ਕਾਰਨ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ। ਭੱਟੀ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਅਜਿਹਾ ਸਿਆਸੀ ਮੰਚ ਨਹੀਂ ਮਿਲਿਆ ਜੋ ਪੰਜਾਬ ਅਤੇ ਪੰਥ ਦੀ ਗੱਲ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਇਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਬਿਨਾਂ ਕਿਸੇ ਅਹੁਦੇ, ਲਾਲਚ ਜਾਂ ਸ਼ਰਤ ਦੇ ਪਾਰਟੀ ਵਿੱਚ ਆਏ ਹਨ ਅਤੇ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।
- Download Babushahi App
-
-