Crime Special ਬਠਿੰਡਾ ਪੁਲਿਸ ਲਈ ਚੁਣੌਤੀ ਬਣੀ RSS ਦਫਤਰ ਲਾਗੇ ਹੋਏ ਪੈਟਰੋਲ ਬੰਬ ਧਮਾਕੇ ਦੀ ਗੂੰਜ
ਅਸ਼ੋਕ ਵਰਮਾ
ਬਠਿੰਡਾ, 23 ਜੂਨ 2026 :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬਠਿੰਡਾ ਵਿੱਚ ਮੌਜੂਦਗੀ ’ਚ ਸ਼ਹਿਰ ਦੀ ਮੇਲਾ ਰਾਮ ਰੋਡ ’ਤੇ ਸਥਿਤ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਮੌਜੂਦਾ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ਵਿੱਚ ਪੈਟਰੋਲ ਬੰਬ ਨਾਲ ਧਮਾਕਾ ਕਰਨ ਦਾ ਮਾਮਲਾ ਬਠਿੰਡਾ ਪੁਲਿਸ ਲਈ ਚੁਣੌਤੀ ਬਣ ਗਿਆ ਹੈ। ਇਸ ਦਲੇਰਾਨਾ ਵਾਰਦਾਤ ਨਾਲ ਜਿੱਥੇ ਪੁਲਿਸ ਪ੍ਰਸ਼ਾਸ਼ਨ ਦੇ ਸਖਤ ਸੁਰੱਖਿਆ ਪ੍ਰਬੰਧਾਂ ਦੀ ਪੋਲ ਪੱਟੀ ਖੋਹਲ ਕੇ ਰੱਖ ਦਿੱਤੀ ਹੈ ਉੱਥੇ ਹੀ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਜਿਸ ਥਾਂ ’ਤੇ ਇਹ ਵਾਰਦਾਤ ਹੋਈ ਹੈ ਉਸ ਦੇ ਨਜ਼ਦੀਕ ਆਰਐਸਐਸ ਦਾ ਮੁਕਾਮੀ ਦਫਤਰ ਵੀ ਹੈ ਜਿਸ ਦਾ ਕੁਝ ਸਮਾਂ ਪਹਿਲਾਂ ਹੀ ਉਦਘਾਟਨ ਕੀਤਾ ਗਿਆ ਸੀ। ਹਾਲਾਂਕਿ ਪੁਲਿਸ ਜਲਦੀ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਦਾਅਵਾ ਕਰ ਰਹੀ ਹੈ ਆਰਐਸਐਸ ਦਫਤਰ ਲਾਗੇ ਹੋਈ ਇਸ ਵਾਰਦਾਤ ਨੇ ਮਾਮਲੇ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ ਹੈ।
ਵੱਡੀ ਗੱਲ ਇਹ ਵੀ ਹੈ ਕਿ ਪਾਕਿਸਤਾਨੀ ਡਾਨ ਸ਼ਹਿਜਾਦ ਭੱਟੀ ਵੱਲੋਂ ਡਾਕਟਰ ਗਰਗ ਦੀ ਪਤਨੀ ਨੂੰ ਫੋਨ ਕਰਕੇ ਜਿੰਮੇਵਾਰੀ ਲੈਣ ਕਾਰਨ ਲੋਕਾਂ ਦੇ ਹੱਥਾਂ ਦੇ ਤੋਤੇ ਉੱਡ ਗਏ ਹਨ ਅਤੇ ਸ਼ਹਿਰ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ। ਰਾਹਤ ਵਾਲੀ ਗੱਲ ਇਹੋ ਰਹੀ ਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ ਹੈ। ਪੈਟਰੋਲ ਬੰਬ ਕਲੀਨਿਕ ਦੀ ਇੱਕ ਖਿੜਕੀ ਨਾਲ ਜਾ ਟਕਰਾਇਆ, ਜਿਸ ਕਾਰਨ ਉੱਥੇ ਸੜਨ ਦੇ ਕਾਫੀ ਨਿਸ਼ਾਨ ਪਏ ਹੋਏ ਹਨ ਅਤੇ ਧਮਾਕੇ ਕਾਰਨ ਵੇਹੜੇ ਵਿੱਚ ਖੜ੍ਹੀ ਇੱਕ ਸਕੂਟਰੀ ਤੇ ਕੁਝ ਪੌਦਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. ਹਰਜੀਤ ਸਿੰਘ, ਐੱਸ.ਐੱਸ.ਪੀ. ਜਯੋਤੀ ਯਾਦਵ ਸਮੇਤ ਕਈ ਸੀਨੀਅਰ ਪੁਲੀਸ ਅਧਿਕਾਰਆਂ ਨੇ ਸਥਿਤੀ ਦਾ ਜਾਇਜਾ ਲਿਆ ਹੈ। ਇਸ ਦੌਰਾਨ ਸੀਆਈਏ ਸਟਾਫ ਸਮੇਤ ਪੁਲਿਸ ਦੀਆਂ ਵੱਖ ਵੱਖ ਟੀਮਾਂ ਤੋਂ ਇਲਾਵਾਾ ਫਰੈਂਸਿਕ ਮਾਹਿਰਾਂ ਨੇ ਵੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇੱਕ ਨੌਜਵਾਨ ਨੇ ਪੈਟਰੋਲ ਵਾਲੀ ਬੋਤਲ ਨੂੰ ਅੱਗ ਲਾਈ ਹੈ ਜਦੋਂਕਿ ਦੂਸਰਾ ਵੀਡੀਓ ਬਣਾ ਰਿਹਾ ਸੀ। ਮਾਮਲਾ ਸੰਵਦੇਨਸ਼ੀਲ ਹੋਣ ਕਾਰਨ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਪੁਲਿਸ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਪੁਲਿਸ ਨੇ ਡਾਕਟਰ ਗਰਗ ਦੇ ਘਰੋਂ ਡੀਵੀਆਰ ਕਬਜੇ ’ਚ ਲੈ ਲਿਆ ਹੈ ਜਦੋਂਕਿ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ। ਪੁਲਿਸ ਵੱਲੋਂ ਸਿਆਸੀ ਨਜ਼ਰੀਏ ਸਮੇਤ ਵੱਖ ਵੱਖ ਪਹਿਲੂਆਂ ਤੋਂ ਵੀ ਮਾਮਲੇ ਦੀ ਪੁਣਛਾਣ ਕੀਤੀ ਜਾ ਰਹੀ ਹੈ। ਡਾ. ਤਰਸੇਮ ਗਰਗ ਦੇ ਪਰਿਵਾਰ ਨੇ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਮੂਲੀਅਤ ਕਰ ਲਈ ਸੀ ਅਤੇ ਉਨ੍ਹਾਂ ਦੀ ਪਤਨੀ ਡਾ ਰਜਨੀ ਜਿੰਦਲ ਨੇ ਭਾਜਪਾ ਤਰਫੋਂ ਚੋਣ ਲੜੀ ਸੀ। ਡਾ. ਤਰਸੇਮ ਗਰਗ ਨੇ ਦੱਸਿਆ ਕਿ ਘਟਨਾ ਮੌਕੇ ਕਲੀਨਿਕ ਵਿੱਚ ਦੋ ਮੁਲਾਜ਼ਮ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਨੇ ਉਨ੍ਹਾਂ ਨੂੰ ਧਮਾਕਾ ਹੋਣ ਅਤੇ ਅੱਗ ਲੱਗਣ ਦੀ ਸੂਚਨਾ ਦਿੱਤੀ ਅਤੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਅੱਗ ’ਤੇ ਕਾਬੂ ਪਾ ਲਿਆ ਸੀ। ਡਾ. ਗਰਗ ਮੁਤਾਬਕ ਜਦੋਂ ਉਨ੍ਹਾਂ ਨੇ ਕਲੀਨਿਕ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਤਾਂ ਉਸ ਵਿੱਚ ਦੋ ਅਣਪਛਾਤੇ ਨੌਜਵਾਨ ਪੈਟਰੋਲ ਬੰਬ ਨੂੰ ਅੱਗ ਲਾ ਕੇ ਕਲੀਨਿਕ ਵੱਲ ਸੁੱਟਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਆਪਣਾ ਰੁਜ਼ਗਾਰ ਪ੍ਰੋਗਰਾਮ ਤਹਿਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਰਾਤ ਨੂੰ ਹੀ ਬਠਿੰਡਾ ਪਹੁੰਚ ਗਏ ਸਨ। ਇਸ ਤੋਂ ਇਲਾਵਾ ਮੰਗਲਵਾਰ ਨੂੰ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਤਿੰਨ ਪ੍ਰੋਗਰਾਮ ਤੈਅ ਸਨ ਜਿੰਨ੍ਹਾਂ ’ਚ ਉਨ੍ਹਾਂ ਨੇ ਲੋਕ ਮਿਲਣੀਆਂ ਕੀਤੀਆਂ ਹਨ। ਮੁੱਖ ਮੰਤਰੀ ਦੀ ਆਮਦ ਦੌਰਾਨ ਸ਼ਹਿਰ ਦੇ ਅਤਿ-ਸੁਰੱਖਿਅਤ ਖੇਤਰ ਦੇ ਨੇੜੇ ਹੋਈ ਬੰਬ ਸੁੱਟਣ ਦੀ ਘਟਨਾ ਨੇ ਪੁਲੀਸ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ
ਐੱਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਾਲ ਨਗਰ ਦੇ ਮੇਲਾ ਰਾਮ ਰੋਡ ’ਤੇ ਦੋ ਨੌਜਵਾਨਾਂ ਵੱਲੋਂ ਪੈਟਰੋਲ ਬੰਬ ਸੁੱਟਣ ਦੀ ਇਤਲਾਹ ਮਿਲਦੇ ਹੀ ਪੁਲੀਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ, ਪਰ ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਲਈ ਅਜੇ ਉਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਐੱਸ.ਐੱਸ.ਪੀ. ਜਯੋਤੀ ਯਾਦਵ ਨੇ ਦੱਸਿਆ ਕਿ ਸੀ.ਆਈ.ਏ. ਅਤੇ ਫੋਰੈਂਸਿਕ ਮਾਹਰਾਂ ਦੀਆਂ ਟੀਮਾਂ ਨੇ ਮੌਕੇ ਤੋਂ ਨਮੂਨੇ ਇਕੱਠੇ ਕਰ ਲਏ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
- Download Babushahi App
-
-