ਵੱਡੀ ਖ਼ਬਰ: SC ਕਮਿਸ਼ਨ ਨੇ ਰਵਨੀਤ ਬਿੱਟੂ ਨੂੰ ਸੁਣਾਈ ਧਾਰਮਿਕ ਸਜ਼ਾ
ਜਾਤੀ ਸੂਚਕ ਸ਼ਬਦਾਂ ਦੇ ਮਾਮਲੇ 'ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਗੜ੍ਹੀ ਅੱਗੇ ਪੇਸ਼ ਹੋ ਕੇ ਪ੍ਰਗਟਾਇਆ ਪਛਤਾਵਾ
ਭਗਵਾਨ ਵਾਲਮੀਕਿ ਤੀਰਥ, ਸੱਚਖੰਡ ਬੱਲਾਂ, ਡੇਰਾ ਫਿਲੌਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਸੁਣਾਈ ਸਜ਼ਾ
"ਸਾਡਾ ਸੰਵਿਧਾਨ ਤੇ ਗੁਰੂਆਂ ਦੀ ਬਾਣੀ ਜਾਤ-ਪਾਤ ਅਤੇ ਵਿਤਕਰੇ ਨੂੰ ਕਰਦੀ ਹੈ ਖ਼ਾਰਜ, ਸਭ ਨੂੰ ਮਿਲੇ ਬਰਾਬਰ ਸਨਮਾਨ" - ਚੇਅਰਮੈਨ ਗੜ੍ਹੀ
Babushahi Network
ਚੰਡੀਗੜ੍ਹ, 24 ਜੂਨ 2026- ਪੰਜਾਬ ਦੀ ਸਿਆਸਤ ਅਤੇ ਸਮਾਜਿਕ ਹਲਕਿਆਂ ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਸਾਹਮਣੇ ਪੇਸ਼ ਹੋਏ। ਇਸ ਪੇਸ਼ੀ ਦੌਰਾਨ ਰਵਨੀਤ ਸਿੰਘ ਬਿੱਟੂ ਵੱਲੋਂ ਪਿਛਲੇ ਦਿਨੀਂ ਵਰਤੇ ਗਏ ਜਾਤੀ ਸੂਚਕ ਸ਼ਬਦਾਂ 'ਤੇ ਗਹਿਰਾ ਪਛਤਾਵਾ ਪ੍ਰਗਟ ਕਰਦਿਆਂ ਸਮੂਹ ਐਸ.ਸੀ. (SC) ਸਮਾਜ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਗਈ। ਇਸ ਮੌਕੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਰਵਨੀਤ ਬਿੱਟੂ ਨੂੰ ਭੁੱਲ ਬਖਸ਼ਾਉਣ ਲਈ ਧਾਰਮਿਕ ਸਜ਼ਾ (ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋਣ) ਸੁਣਾਈ ਗਈ।
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਬਿੱਟੂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਦੋ ਜਾਤਾਂ ਬਾਰੇ ਉਨ੍ਹਾਂ ਵੱਲੋਂ ਟਿੱਪਣੀ ਕੀਤੀ ਗਈ ਸੀ, ਉਸ ਦੇ ਪਛਤਾਵੇ ਵਜੋਂ ਉਨ੍ਹਾਂ ਨੂੰ ਚਾਰ ਪ੍ਰਮੁੱਖ ਅਸਥਾਨਾਂ 'ਤੇ ਜਾ ਕੇ ਨਤਮਸਤਕ ਹੋਣਾ ਪਵੇਗਾ। ਚੇਅਰਮੈਨ ਗੜ੍ਹੀ ਨੇ ਬਿੱਟੂ ਨੂੰ ਭਗਵਾਨ ਵਾਲਮੀਕਿ ਤੀਰਥ, ਸੱਚਖੰਡ ਬੱਲਾਂ, ਡੇਰਾ ਫਿਲੌਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਬਿੱਟੂ ਨੂੰ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਜਿੱਥੇ ਚਾਰ ਦਰਵਾਜ਼ੇ ਸਭ ਵਰਨਾਂ ਲਈ ਸਾਂਝੇ ਹਨ, ਉੱਥੇ ਨਤਮਸਤਕ ਹੋ ਕੇ ਪ੍ਰਸ਼ਾਦ ਕਰਵਾਉਣ ਅਤੇ ਬਿਨਾਂ ਜਾਤ-ਪਾਤ ਦੇ ਚੱਲ ਰਹੇ ਬਾਬੇ ਨਾਨਕ ਦੇ ਲੰਗਰ ਵਿੱਚ ਪੰਗਤ 'ਚ ਬੈਠਣ ਦੀ ਗੱਲ ਕਹੀ।
ਚੇਅਰਮੈਨ ਗੜ੍ਹੀ ਨੇ ਬਿੱਟੂ ਨੂੰ ਸੰਵਿਧਾਨ ਦਾ ਪਾਠ ਪੜ੍ਹਾਉਂਦਿਆਂ ਕਿਹਾ ਕਿ ਦੇਸ਼ ਦਾ ਕਾਨੂੰਨ ਜਾਤ, ਧਰਮ, ਨਸਲ ਜਾਂ ਲਿੰਗ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਅਤੇ ਛੂਆ-ਛੂਤ ਦੀ ਸਖ਼ਤ ਮਨਾਹੀ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਡੇ ਗੁਰੂਆਂ ਨੇ ਧੰਨਾ ਭਗਤ, ਭਗਤ ਰਵਿਦਾਸ, ਭਗਤ ਪਰਮਾਨੰਦ ਜੀ ਸਮੇਤ ਸਾਰੀਆਂ ਜਾਤਾਂ-ਧਰਮਾਂ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਬਰਾਬਰ ਸਤਿਕਾਰ ਦਿੱਤਾ ਹੈ ਅਤੇ "ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ" ਦਾ ਸੰਦੇਸ਼ ਦਿੱਤਾ ਹੈ। ਕਮਿਸ਼ਨ ਦੇ ਇਸ ਫ਼ੈਸਲੇ ਤੋਂ ਬਾਅਦ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਮਿਸ਼ਨ ਦੀਆਂ ਗੱਲਾਂ ਨੂੰ ਸਵੀਕਾਰ ਕੀਤਾ।
- Download Babushahi App
-
-