ਵੱਡੀ ਖ਼ਬਰ: ਭਗਵੰਤ ਮਾਨ ਨੂੰ ਵਿਦੇਸ਼ ਜਾਣ ਦੀ ਨਹੀਂ ਮਿਲੀ ਇਜਾਜ਼ਤ; ਕੇਂਦਰ ਨੇ ਰੱਦ ਕੀਤਾ ਦੌਰਾ
Babushahi Network
ਚੰਡੀਗੜ੍ਹ 8 ਫਰਵਰੀ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਦੇਸ਼ ਦੌਰੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਨੂੰ ਯੂਰਪੀਅਨ ਦੇਸ਼ਾਂ ਦੇ ਦੌਰੇ 'ਤੇ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ 8 ਫਰਵਰੀ ਤੋਂ ਵਿਦੇਸ਼ ਦੌਰੇ 'ਤੇ ਰਵਾਨਾ ਹੋਣਾ ਸੀ। ਇਹ ਦੌਰਾ ਯੂਰਪੀਅਨ ਦੇਸ਼ਾਂ ਦਾ ਸੀ, ਜਿੱਥੇ ਉਨ੍ਹਾਂ ਨੇ ਕਈ ਅਹਿਮ ਮੁਲਾਕਾਤਾਂ ਕਰਨੀਆਂ ਸਨ।
ਕੇਂਦਰ ਸਰਕਾਰ ਨੇ ਮੁੱਖ ਮੰਤਰੀ ਦੇ ਇਸ ਦੌਰੇ ਨੂੰ ਹਰੀ ਝੰਡੀ ਨਹੀਂ ਦਿੱਤੀ, ਜਿਸ ਕਾਰਨ ਇਹ ਦੌਰਾ ਰੱਦ ਕਰਨਾ ਪਿਆ ਹੈ। ਆਪ ਦੇ ਬੁਲਾਰੇ ਬਿਕਰਮਜੀਤ ਪਾਸੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਮਾਨ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ। ਇਸ ਤੋਂ ਪਹਿਲਾਂ ਵੀ ਕੁੱਝ ਮੌਕਿਆਂ 'ਤੇ ਕੇਂਦਰ ਸਰਕਾਰ ਵੱਲੋਂ ਕਈ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਜਾਜ਼ਤ ਦੇਣ ਤੋਂ ਨਾਂਹ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ, ਪੰਜਾਬ ਦਾ ਵਿਕਾਸ ਹੋਵੇ। ਮੁੱਖ ਮੰਤਰੀ ਦਾ ਦੌਰਾ ਰੱਦ ਹੋਣ ਕਾਰਨ ਪੰਜਾਬ ਦੀ ਸਿਆਸਤ ਮੁੜ ਗਰਮਾਉਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਕੇਂਦਰ ਦੀ 'ਧੱਕੇਸ਼ਾਹੀ' ਵਜੋਂ ਪੇਸ਼ ਕੀਤਾ ਗਿਆ ਹੈ।