ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਕਾਂਟ੍ਰੈਕਟ ਅਧਾਰ ’ਤੇ ਵੱਖ-ਵੱਖ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ
ਮਾਲੇਰਕੋਟਲਾ, 05 ਫਰਵਰੀ 2026- ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਆਪਣੇ ਫਲਾਇੰਗ ਟ੍ਰੇਨਿੰਗ ਆਰਗੇਨਾਈਜ਼ੇਸ਼ਨ, ਪਟਿਆਲਾ ਅਤੇ ਅੰਮ੍ਰਿਤਸਰ, ਅਤੇ ਪੰਜਾਬ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ, ਪਟਿਆਲਾ ਵਿੱਚ ਕਾਂਟ੍ਰੈਕਟ ਅਧਾਰ ’ਤੇ ਵੱਖ-ਵੱਖ ਅਸਾਮੀਆਂ ਭਰਨ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 2 ਪਾਇਲਟ ਇੰਸਟ੍ਰਕਟਰ, 2 ਅਸਿਸਟੈਂਟ ਪਾਇਲਟ ਇੰਸਟ੍ਰਕਟਰ, 2 ਅਕਾਊਂਟੈਂਟ, 2 ਇੰਸਟ੍ਰਕਟਰ (ਏਅਰਫ੍ਰੇਮ) ਅਤੇ 1 ਗਰਾਊਂਡ ਇੰਸਟ੍ਰਕਟਰ (ਏਅਰ ਰੈਗੂਲੇਸ਼ਨਜ਼) ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਸਾਰੀਆਂ ਅਸਾਮੀਆਂ ਲਈ ਲੋੜੀਂਦੀ ਯੋਗਤਾ ਅਤੇ ਤਜਰਬਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਦੇ ਨਿਰਧਾਰਿਤ ਮਿਆਰਾਂ ਅਤੇ ਜਾਰੀ ਕੀਤੇ ਵਿਗਿਆਪਨ ਅਨੁਸਾਰ ਹੋਣਾ ਲਾਜ਼ਮੀ ਹੈ। ਚੁਣੇ ਗਏ ਉਮੀਦਵਾਰਾਂ ਨੂੰ ਨਿਰਧਾਰਿਤ ਮਾਸਿਕ ਤਨਖਾਹ ਦਿੱਤੀ ਜਾਵੇਗੀ, ਜਦਕਿ ਕੁਝ ਅਸਾਮੀਆਂ ਲਈ ਫਲਾਇੰਗ ਇਨਸੈਂਟਿਵ ਵੀ ਲਾਗੂ ਹੋਣਗੇ।
ਇਹ ਸਾਰੀਆਂ ਨਿਯੁਕਤੀਆਂ ਇੱਕ ਸਾਲ ਦੀ ਮਿਆਦ ਲਈ ਸਿਰਫ਼ ਕਾਂਟ੍ਰੈਕਟ ਅਧਾਰ ’ਤੇ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਉਮੀਦਵਾਰ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਅੱਗੇ ਵਧਾਇਆ ਜਾ ਸਕਦਾ ਹੈ। ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਭਰਤੀ ਪ੍ਰਕਿਰਿਆ ਦੌਰਾਨ ਪੰਜਾਬ ਡੋਮਿਸਾਈਲ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਇੱਛੁਕ ਅਤੇ ਯੋਗ ਉਮੀਦਵਾਰ ਆਪਣੀ ਅਰਜ਼ੀ ਨਿਰਧਾਰਿਤ ਫਾਰਮ ’ਤੇ ਭਰ ਕੇ 500 ਰੁਪਏ ਦੀ ਡਿਮਾਂਡ ਡਰਾਫਟ ਸਮੇਤ 11 ਫਰਵਰੀ 2026 ਨੂੰ ਸ਼ਾਮ 3 ਵਜੇ ਤੱਕ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ, ਪਟਿਆਲਾ ਦੇ ਦਫ਼ਤਰ ਵਿਖੇ ਭੇਜ ਸਕਦੇ ਹਨ।