ਵਾਇਤਾਂਗੀ ਦਿਵਸ ਡਾਨ ਸਰਵਿਸ
ਉਪ ਪ੍ਰਧਾਨ ਮੰਤਰੀ ਨੂੰ ਇਕ ਸਮੂਹ ਨੇ ਆਖਿਆ ‘ਵਾਪਿਸ ਜਾਓ’-‘ਸ਼ਰਮ ਕਰੋ’-ਜਵਾਬ ਵਿਚ ਮਿਲਆ ‘ਹਨੇਰੇ ਵਿੱਚ ਚੀਕਣ ਵਾਲੇ ਕੁਝ ਮੂਰਖ’
-ਸਿਆਸੀ ਮਾਹੌਲ ਹੋਇਆ ਗਰਮ-ਲੇਬਰ ਪਾਰਟੀ ਦੀ ਰਹੀ ਬਹੁਤਾਤ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 06 ਫਰਵਰੀ 2026: -ਅੱਜ ਵਾਇਟਾਂਗੀ ਦਿਵਸ 2026 ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸੈਂਕੜੇ ਲੋਕ ਹੋਏ ਇਕੱਠੇ ਅਤੇ ਸਿਆਸੀ ਗਰਮਾ-ਗਰਮੀ ਵੀ ਜਾਰੀ ਰਹੀ। ਆਯੋਜਿਤ ਸਵੇਰ ਦੀ ਸੇਵਾ ਵਿੱਚ 1,000 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਜਿੱਥੇ ਇੱਕ ਪਾਸੇ ਵਾਕਾ (ਕਿਸ਼ਤੀਆਂ) ਦੇ ਆਉਣ ਨਾਲ ਮਾਹੌਲ ਰਵਾਇਤੀ ਰੰਗ ਵਿੱਚ ਰੰਗਿਆ ਨਜ਼ਰ ਆਇਆ, ਉੱਥੇ ਹੀ ਸਿਆਸੀ ਆਗੂਆਂ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਡਿਪਟੀ ਪ੍ਰਧਾਨ ਮੰਤਰੀ ਡੇਵਿਡ ਸੇਮੋਰ ਦਾ ਭਾਰੀ ਵਿਰੋਧ
ਜਦੋਂ ਡਿਪਟੀ ਪ੍ਰਧਾਨ ਮੰਤਰੀ ਡੇਵਿਡ ਸੇਮੋਰ ਸਟੇਜ ’ਤੇ ਪ੍ਰਾਰਥਨਾ ਕਰਨ ਲਈ ਆਏ, ਤਾਂ ਭੀੜ ਨੇ ਉਨ੍ਹਾਂ ਦਾ ਸਵਾਗਤ ਬੂਟਿੰਗ ਅਤੇ ਨਾਅਰੇਬਾਜ਼ੀ ਨਾਲ ਕੀਤਾ। ਲੋਕਾਂ ਨੇ ‘ਹੋਕੀ ਅਤੁ’ (ਵਾਪਸ ਜਾਓ) ਅਤੇ ਸ਼ਰਮ ਕਰੋ ਦੇ ਨਾਅਰੇ ਲਗਾਏ। ਹਾਲਾਂਕਿ, ਸੇਮੋਰ ਨੇ ਇਸ ਵਿਰੋਧ ਨੂੰ ਨਜ਼ਰਅੰਦਾਜ਼ ਕਰਦਿਆਂ ਵਿਰੋਧ ਕਰਨ ਵਾਲਿਆਂ ਨੂੰ ‘ਹਨੇਰੇ ਵਿੱਚ ਚੀਕਣ ਵਾਲੇ ਕੁਝ ਮੂਰਖ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਆਪਣੇ ਸਿਧਾਂਤਾਂ ’ਤੇ ਕਾਇਮ ਰਹਿਣਗੇ।
ਸਿਆਸੀ ਆਗੂਆਂ ਲਈ ਮਿਲਿਆ-ਜੁਲਿਆ ਹੁੰਗਾਰਾ
ਕ੍ਰਿਸ ਹਿਪਕਿਨਜ਼: ਲੇਬਰ ਪਾਰਟੀ ਦੇ ਨੇਤਾ ਨੂੰ ਵੀ ਭੀੜ ਵੱਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਲਕਸਨ ਦੇ ਭਾਸ਼ਣ ਨੂੰ ਇੱਕ ਗੁਆਚਿਆ ਹੋਇਆ ਮੌਕਾ ਦੱਸਿਆ।
ਮਾਰਾਮਾ ਡੇਵਿਡਸਨ: ਗ੍ਰੀਨ ਪਾਰਟੀ ਦੀ ਸਹਿ-ਨੇਤਾ ਦੇ ਭਾਸ਼ਣ ਦੌਰਾਨ ਭੀੜ ਸ਼ਾਂਤ ਰਹੀ ਅਤੇ ਉਨ੍ਹਾਂ ਦਾ ਸਵਾਗਤ ਤਾਲੀਆਂ ਨਾਲ ਕੀਤਾ ਗਿਆ।
ਕ੍ਰਿਸਟੋਫਰ ਲਕਸਨ: ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਇਸ ਸਾਲ ਵਾਇਟਾਂਗੀ ਦਿਵਸ ਦੀਆਂ ਤਿਆਰੀਆਂ ਚੁਣੌਤੀਪੂਰਨ ਰਹੀਆਂ ਹਨ ਅਤੇ ਸਾਰਿਆਂ ਨਾਲ ਬਰਾਬਰ ਦਾ ਵਿਵਹਾਰ ਯਕੀਨੀ ਬਣਾਉਣ ਲਈ ਕੰਮ ਜਾਰੀ ਹੈ।
ਸਮੁੰਦਰ ਦੇ ਕੰਢੇ ਵਾਕਾ (ਕਿਸ਼ਤੀਆਂ) ਦਾ ਸ਼ਾਨਦਾਰ ਪ੍ਰਦਰਸ਼ਨ
ਸਵੇਰ ਦੀਆਂ ਰਸਮਾਂ ਤੋਂ ਬਾਅਦ, ਸੈਂਕੜੇ ਮਲਾਹਾਂ ਦੁਆਰਾ ਚਲਾਈਆਂ ਜਾ ਰਹੀਆਂ ਵਾਕਾ ਕਿਸ਼ਤੀਆਂ ’ਤੇ ਤੀ ਬੀਚ ’ਤੇ ਪਹੁੰਚੀਆਂ। ਇਹਨਾਂ ਵਿੱਚ ਦੁਨੀਆ ਦੀ ਸਭ ਤੋਂ ਲੰਬੀ ਵਾਕਾ ‘ਨਗਾਤੋਕੀਮਾਤਾਵਹੋਰੂਆ’ (Ngatokimatawhaorua) ਵੀ ਸ਼ਾਮਲ ਸੀ। ਮਲਾਹਾਂ ਨੇ ਕੰਢੇ ’ਤੇ ਉਤਰ ਕੇ ਸਮੂਹਿਕ ‘ਹਾਕਾ’ ਪੇਸ਼ ਕੀਤਾ, ਜੋ ਕਿ ਉੱਥੇ ਮੌਜੂਦ ਹਜ਼ਾਰਾਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ।
2026 ਦੀਆਂ ਆਮ ਚੋਣਾਂ ਨੇੜੇ ਹੋਣ ਕਾਰਨ ਇਸ ਵਾਰ ਵਾਇਟਾਂਗੀ ਵਿੱਚ ਸਿਆਸੀ ਮਾਹੌਲ ਕਾਫੀ ਗਰਮ ਹੈ। ਗ੍ਰੀਨ ਪਾਰਟੀ ਨੇ ਪਹਿਲਾਂ ਹੀ ਆਪਣੀਆਂ ਮਾਓਰੀ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਲੇਬਰ ਪਾਰਟੀ ਦੀ ਰਹੀ ਬਹੁਤਤਾਤ-ਸਾਬਕਾ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਵੀ ਪਹੁੰਚੇ
ਵਾਇਤਾਂਗੀ ਦਿਵਸ ਮੌਕੇ ਹਰੇਕ ਸਾਲ ਲੇਬਰ ਪਾਰਟੀ ਦਾ ਜ਼ਿਆਦਾ ਜ਼ੋਰ ਨਜ਼ਰ ਆਉਂਦਾ ਹੈ। ਇਸ ਵਾਰ ਵੀ ਲੇਬਰ ਪਾਰਟੀ ਦੇ ਬਹੁਤ ਸਾਰੇ ਸਾਂਸਦ ਅਤੇ ਸਹਿਯੋਗੀ ਪਹੁੰਚੇ ਹੋਏ ਹਨ। ਭਾਰਤੀ ਭਾਈਚਾਰੇ ਤੋਂ ਵੀ ਇਕ ਗਰੁੱਪ ਇਥੇ ਸ. ਖੜਕ ਸਿੰਘ ਦੇ ਨਾਲ ਗਿਆ ਹੋਇਆ ਹੈ। ਵਰਨਣਯੋਗ ਹੈ ਕਿ ਸ. ਖੜਗ ਸਿੰਘ ਨਿਊਜ਼ੀਲੈਂਡ ਦੇ ਇੱਕ ਰਾਜਨੀਤਿਕ ਅਤੇ ਸਮਾਜਿਕ ਆਗੂ ਹਨ, ਜੋ ਮੁੱਖ ਤੌਰ ’ਤੇ ਦੱਖਣੀ ਆਕਲੈਂਡ ਦੇ ਇਲਾਕਿਆਂ ਵਿੱਚ ਸਰਗਰਮ ਹਨ। ਉਹ ਲੇਬਰ ਪਾਰਟੀ ਨਿਊਜ਼ੀਲੈਂਡ ਦੇ ਇੱਕ ਪ੍ਰਮੁੱਖ ਮੈਂਬਰ ਹਨ। ਉਨ੍ਹਾਂ ਨੇ 2023 ਦੀਆਂ ਆਮ ਚੋਣਾਂ ਵਿੱਚ ਬੋਟਨੀ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸ ਹਲਕੇ ਵਿੱਚ ਉਨ੍ਹਾਂ ਦਾ ਮੁਕਾਬਲਾ ਨੈਸ਼ਨਲ ਪਾਰਟੀ ਦੇ ਆਗੂ (ਅਤੇ ਮੌਜੂਦਾ ਪ੍ਰਧਾਨ ਮੰਤਰੀ) ਕ੍ਰਿਸਟੋਫਰ ਲਕਸਨ ਨਾਲ ਸੀ। 2023 ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਦੀ ਸੂਚੀ ਵਿੱਚ ਉਨ੍ਹਾਂ ਦਾ ਰੈਂਕ 66 ਸੀ। ਆਉਣ ਵਾਲੀਆਂ ਆਮ ਚੋਣਾਂ ਦੇ ਵਿਚ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਉਨ੍ਹਾਂ ਨੂੰ ਆਪਣਾ ਉਮੀਦਵਾਰ ਕਿਸੇ ਹਲਕੇ ਤੋਂ ਬਣਾਏਗੀ। ਉਹ ਅਪਰਾਧ ਨੂੰ ਰੋਕਣ ਅਤੇ ਭਾਈਚਾਰਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਹਾਮੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਸੁਰੱਖਿਅਤ ਅਤੇ ਬਰਾਬਰ ਸਿੱਖਿਆ ਦੇ ਮੌਕੇ ਮਿਲਣੇ ਚਾਹੀਦੇ ਹਨ। ਉਹ ਬਹੁ-ਸੱਭਿਆਚਾਰਕ ਵਿਭਿੰਨਤਾ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਮਿਲ-ਜੁਲ ਕੇ ਰਹਿਣ ਅਤੇ ਉਨ੍ਹਾਂ ਦੀਆਂ ਸੱਭਿਆਚਾਰਕ ਪਛਾਣਾਂ ਨੂੰ ਮਾਨਤਾ ਦੇਣ ਦੀ ਵਕਾਲਤ ਕਰਦੇ ਹਨ।