ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕੋਚਿੰਗ ਲਈ ਬਠਿੰਡਾ ਪ੍ਰਸ਼ਾਸ਼ਨ ਨੇ ਸ਼ੁਰੂ ਕੀਤਾ ਮਿਸ਼ਨ ਪ੍ਰਗਤੀ
ਅਸ਼ੋਕ ਵਰਮਾ
ਬਠਿੰਡਾ, 5 ਜਨਵਰੀ 2026 : ਜ਼ਿਲ੍ਹਾ ਪ੍ਰਸ਼ਾਸਨ ਵਲੋਂ 5 ਜਨਵਰੀ 2026 ਨੂੰ ਜ਼ਿਲ੍ਹਾ ਲਾਇਬਰੇਰੀ, ਬਠਿੰਡਾ ਵਿਖੇ ਪ੍ਰਮੁੱਖ ਪਹਿਲ ਕਦਮੀ ‘ਮਿਸ਼ਨ-ਪ੍ਰਗਤੀ’ ਅਧੀਨ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ‘ਤੇ ਬੋਲਦਿਆਂ ਸ਼੍ਰੀ ਰਾਜੇਸ਼ ਧੀਮਾਨ, ਆਈ.ਏ.ਐਸ. ਡਿਪਟੀ ਕਮਿਸ਼ਨਰ, ਬਠਿੰਡਾ, ਸ਼੍ਰੀਮਤੀ ਅਮਨੀਤ ਕੌਂਡਲ, ਆਈ.ਪੀ.ਐਸ, ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਇਸ ਪਹਿਲ ਕਦਮੀ ਦਾ ਉਦੇਸ਼ ਹੋਣਹਾਰ ਵਿਦਿਆਰਥੀਆਂ ਜਿੰਨ੍ਹਾਂ ਪਾਸ ਅਕਸਰ ਗੁਣਵੰਤਾ ਅਤੇ ਕਿਫਾਇਤੀ ਕੋਚਿੰਗ ਸਹੂਲਤਾਂ ਦੀ ਘਾਟ ਹੁੰਦੀ ਹੈ, ਦੀ ਸਹਾਇਤਾ ਕਰਨਾ ਹੈ।
ਮੁੱਢਲੇ ਤੌਰ ‘ਤੇ ਇਹ ਪ੍ਰੋਗਰਾਮ 35 ਚੁਣੇ ਹੋਏ ਵਿਦਿਆਰਥੀਆਂ ਨਾਲ ਸ਼ੁਰੂ ਕੀਤਾ ਗਿਆ ਹੈ। ਮਿਸ਼ਨ ਪ੍ਰਗਤੀ ਇੱਕ ਵਿਆਪਕ ਅਤੇ ਏਕੀਕ੍ਰਿਤ ਦਿਸ਼ਟੀਕੋਣ ਰੱਖਦਾ ਹੈ ਜਿਸ ਵਿੱਚ ਢਾਂਚਾਗਤ ਵਿਦਿਅਕ ਕੋਚਿੰਗ ਨੂੰ ਫਿਜ਼ੀਕਲ ਟਰੇਨਿੰਗ ਨਾਲ ਜੋੜਿਆ ਹੈ। ਵਿਦਿਆਰਥੀਆਂ ਨੂੰ ਗਣਿਤ, ਤਰਕ, ਜਨਰਲ ਸਟੱਡੀਜ਼/ਵਰਤਮਾਨ ਮਾਮਲੇ ਅਤੇ ਅੰਗਰੇਜ਼ੀ ਵਰਗੇ ਮੁੱਖ ਵਿਸ਼ਿਆਂ ਅਧੀਨ ਕੋਚਿੰਗ ਦੇ ਨਾਲ-ਨਾਲ ਨਿਯਮਤ ਮੌਕ ਟੈਸਟ, ਉਨ੍ਹਾਂ ਦੀ ਪ੍ਰਫਾਰਮੈਂਸ ਟਰੈਕਿੰਗ ਅਤੇ ਵਿਅੱਕਤੀਗਤ ਸਲਾਹ ਮਸ਼ਵਰਾ ਦੇਣ ਤੋਂ ਇਲਾਵਾ ਪੰਜਾਬ ਪੁਲਿਸ ਅਤੇ ਸੀ-ਪਾਈਟ ਦੇ ਸਿੱਖਿਅਕ ਇੰਸਟ੍ਰਕਟਰਾਂ ਦੁਆਰਾ ਪੇਸ਼ੇਵਰ ਅਤੇ ਪ੍ਰੀਖਿਆ-ਅਧਾਰਤ ਫਿਜੀਕਲ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਐਸ.ਐਸ.ਬੀ., ਪੰਜਾਬ ਪੁਲਿਸ, ਸੀ.ਪੀ.ਓ., ਹਥਿਆਰਬੰਦ ਸੈਨਾਵਾਂ ਅਤੇ ਹੋਰ ਕੇਂਦਰੀ ਤੇ ਰਾਜ ਪੱਧਰੀ ਭਰਤੀਆਂ ਲਈ ਤਿਆਰ ਕੀਤਾ ਜਾਵੇਗਾ। ਫਿਜੀਕਲ ਟਰੇਨਿੰਗ ਸੀ-ਪਾਈਟ ਦੇ ਗਰਾਊਂਡ ਵਿੱਚ ਦਿੱਤੀ ਜਾਵੇਗੀ।
ਘਰ ਵਿੱਚ ਪੜ੍ਹਨ ਲਈ ਸੁਖਾਵਾਂ ਮਾਹੌਲ ਨਹੀਂ ਹੁੰਦਾ ਅਤੇ ਪ੍ਰਤੀਯੋਗੀ ਪ੍ਰੀਖਿਆ ਲਈ ਕਿਤਾਬਾਂ ਕਾਫੀ ਮਹਿੰਗੀਆਂ ਹੋਣ ਕਾਰਨ ਬੱਚਿਆਂ ਨੂੰ ਇਹ ਕਿਤਾਬਾਂ ਖ੍ਰੀਦ ਕਰਨਾ ਉਨ੍ਹਾਂ ਲਈ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਚੁਣੇ ਹੋਏ ਵਿਦਿਆਰਥੀਆਂ ਨੂੰ ਜ਼ਿਲ੍ਹਾ ਲਾਇਬਰੇਰੀ ਦੇ ਮੈਂਬਰ ਵਜੋਂ ਇਨਰੋਲ ਕਰਕੇ ਉਨ੍ਹਾਂ ਨੂੰ ਲਾਇਬਰੇਰੀ ਤੋਂ ਮੁਫਤ ਕਿਤਾਬਾਂ ਜਾਰੀ ਕੀਤੀਆਂ ਜਾਣਗੀਆਂ। ਮੈਂਬਰਸ਼ਿਪ ਬਹੁਤ ਨਾ-ਮਾਤਰ ਰੱਖੀ ਗਈ ਹੈ।
ਇਸ ਪ੍ਰੋਗਰਾਮ ਦੀ ਇੱਕ ਵਿਲੱਖਣ ਵਿਸ਼ੇਸਤਾ ਇਸ ਦਾ ਅਧਿਆਪਕ ਮਾਰਗਦਰਸ਼ਕ ਮਾਡਲ ਹੈ ਜਿੱਥੇ ਫੈਕਲਟੀ ਮੈਂਬਰ ਖੁਦ ਪ੍ਰਤੀਯੋਗੀ ਪ੍ਰੀਖਿਆਵਾਂ ਦੇਣ ਵਾਲੇ ਉਮੀਦਵਾਰ ਵੀ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਅਧਿਆਪਕਾਂ ਦੀ ਵੀ ਸਹਾਇਤਾ ਕੀਤੀ ਜਾ ਰਹੀ ਹੈ ਜੋ ਅਜਿਹੀਆਂ ਪ੍ਰੀਖਿਆਵਾਂ ਦੀ ਖੁਦ ਵੀ ਤਿਆਰੀ ਕਰ ਰਹੇ ਹਨ। ਇਸ ਤਰ੍ਹਾਂ ਇਹ ਪ੍ਰੋਗਰਾਮ ‘ਨੌਜਵਾਨਾਂ ਵਲੋਂ ਨੌਜਵਾਨਾਂ ਦੀ ਸਹਾਇਤਾ’ ਮਾਡਲ ਬਣ ਗਿਆ ਹੈ। ਬਹੁਤੇ ਅਧਿਆਪਕ ਪੇਂਡੂ ਪਿਛੋਕੜ ਦੇ ਹੋਣ ਕਾਰਨ ਵਿਦਿਆਰਥੀਆਂ ਦੀਆਂ ਸਮਾਜਿਕ-ਆਰਥਿਕ ਹਕੀਕਤਾਂ ਨੂੰ ਬੇਹਤਰ ਢੰਗ ਨਾਲ ਸਮਝਦੇ ਹੋਏ ਵਧੇਰੇ ਪ੍ਰਭਾਵਸ਼ਾਲੀ ਮਾਰਗਦਰਸ਼ਨ ਅਤੇ ਪ੍ਰੇਰਣਾ ਪ੍ਰਦਾਨ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਵਲੋਂ ਅੱਗੇ ਦੱਸਿਆ ਗਿਆ ਕਿ ਭਾਵੇਂ ਇਸ ਪਹਿਲਕਦਮੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਕਲਪਿਤ ਕੀਤਾ ਗਿਆ ਹੈ ਪਰ ਇਸ ਨੂੰ ਸਮਾਜ ਦੇ ਸਾਰੇ ਵਰਗਾਂ ਜਿਵੇਂ ਕਿ ਸਿੱਖਿਆ ਸ਼ਾਸਤਰੀ, ਯੂਨੀਵਰਸਿਟੀਆਂ, ਪੁਲਿਸ, ਖਿਡਾਰੀ, ਪ੍ਰਸ਼ਾਸਨਿਕ ਅਧਿਕਾਰੀ ਤੇ ਵਿਦਿਆਰਥੀਆਂ ਦਾ ਸਮੁੱਚਾ ਸਮਰਥਨ ਪ੍ਰਾਪਤ ਹੋਣ ਕਾਰਨ ਇਹ ਉੱਦਮ ਸੱਚਮੁੱਚ ਹੀ ਸਹਿਯੋਗੀ ਅਤੇ ਭਾਈਚਾਰਕ-ਅਧਾਰਤ ਬਣ ਗਿਆ ਹੈ।
‘ਕੋਈ ਵੀ ਪਿੱਛੇ ਨਾ ਰਹੇ’ ਦੀ ਫਿਲਾਸਫੀ ਦੇ ਆਧਾਰ ‘ਤੇ ਮਿਸ਼ਨ ਪ੍ਰਗਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਨੌਜਵਾਨ-ਸਸ਼ਕਤੀਕਰਨ, ਬਰਾਬਰ ਵਿਦਿਅਕ ਮੌਕੇ ਅਤੇ ਸਰਕਾਰੀ ਸੇਵਾਵਾਂ ਵਿੱਚ ਬਠਿੰਡਾ ਦੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਪ੍ਰਤੀਨਿਧਤਾ ਪ੍ਰਤੀ ਵਚਨਬਧਤਾ ਨੂੰ ਉਜ਼ਾਗਰ ਕਰਦਾ ਹੈ। ਬਾਅਦ ਵਿੱਚ ਡਿਪਟੀ ਕਮਿਸ਼ਨਰ ਤੇ ਹਾਜ਼ਰ ਅਧਿਕਾਰੀਆਂ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।