ਨਿੱਜੀ ਹਸਪਤਾਲਾਂ ਦੇ ਮੁਕਾਬਲੇ ਹੁਣ ਜ਼ਿਆਦਾਤਰ ਮਰੀਜ਼ ਕਰਵਾ ਰਹੇ ਹਨ ਸਰਕਾਰੀ ਹਸਪਤਾਲਾਂ 'ਚ ਆਪਣਾ ਇਲਾਜ : ਐਮ ਐਲ ਏ ਕੁਲਵੰਤ ਸਿੰਘ
ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਵੱਲੋਂ ਸਿਵਲ ਹਸਪਤਾਲ ਦੇ ਮਰੀਜ਼ ਉਡੀਕ ਘਰ ਨੂੰ 30 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਅਤਿ-ਆਧੁਨਿਕ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਦਸੰਬਰ:
ਵਿਧਾਇਕ ਕੁਲਵੰਤ ਸਿੰਘ ਨੇ ਅੱਜ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਡ ਵੱਲੋਂ 30 ਲੱਖ ਰੁਪਏ ਦੀ ਲਾਗਤ ਨਾਲ ਮੋਹਾਲੀ ਦੇ ਫੇਸ-6 ਵਿਖੇ ਸਥਿਤ ਸਰਕਾਰੀ ਹਸਪਤਾਲ ਦੇ ਮਰੀਜ਼ ਉਡੀਕ ਘਰ ਨੂੰ ਅਪਗ੍ਰੇਡ ਕਰਨ ਉਪਰੰਤ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਪਰਿਵਾਰ ਮੈਂਬਰਾਂ ਨੂੰ ਸਮਰਪਿਤ ਕੀਤਾ। ਇਸ ਮਰੀਜ਼ ਉਡੀਕ ਘਰ ਵਿੱਚ ਜਿੱਥੇ 100 ਤੋਂ ਵੀ ਵੱਧ ਮਰੀਜ਼ ਰੋਜ਼ਾਨਾ ਬੈਠਣ ਦੀ ਸਮਰੱਥਾ ਦੇ ਹਿਸਾਬ ਨਾਲ ਇੱਕ ਏਅਰ ਕੰਡੀਸ਼ਨ, ਇੱਕ ਐਲ.ਈ.ਡੀ. ਸਮੇਤ ਕੁੱਲ 30 ਲੱਖ ਰੁਪਏ ਦੀ ਲਾਗਤ ਵਾਲਾ ਸਮਾਨ ਮੁਹਈਆ ਕਰਵਾਇਆ ਗਿਆ ਹੈ, ਜਿਸ ਵਿੱਚ ਮਰੀਜ਼ਾਂ ਦੇ ਬੈਠਣ ਲਈ ਲਗਭਗ 100 ਕੁਰਸੀਆਂ, ਗਰਮੀ ਤੋਂ ਰਾਹਤ ਦੇ ਲਈ ਚਾਰ ਪੱਖੇ ਅਤੇ 2- ਏ.ਸੀ ਵੀ ਲਗਵਾਏ ਗਏ ਹਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਦੇ ਦੀਆਂ ਸਿਹਤ ਸੇਵਾਵਾਂ ਨੂੰ ਵਧੀਆ ਬਣਾਉਣ ਦੇ ਲਈ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾਤਰ ਮਰੀਜ਼ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਦੀ ਥਾਂ ਤੇ ਸਰਕਾਰੀ ਹਸਪਤਾਲਾਂ ਵਿੱਚ ਕਰਵਾਏ ਜਾਣ ਨੂੰ ਤਰਜੀਹ ਦੇ ਰਹੇ ਹਨ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਵੀ ਜਦੋਂ ਕਦੀ ਜਰੂਰਤ ਹੁੰਦੀ ਹੈ ਤਾਂ ਉਹ ਆਪਣਾ ਇਲਾਜ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਉਂਦੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਿਟਿਡ ਦੀ ਤਰਫੋਂ ਇਸ ਤੋਂ ਪਹਿਲਾਂ ਵੀ ਸਿਹਤ ਸੇਵਾਵਾਂ ਦੇ ਨਾਲ- ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਪੜ੍ਹਾਈ ਵਿੱਚ ਅਵਲ ਰਹਿਣ ਵਾਲਿਆਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਿਲ ਕਰਨ ਦੇ ਲਈ ਫੀਸ ਅਤੇ ਜਰੂਰਤ ਦਾ ਸਮਾਨ ਮੁਹਈਆ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਵਿਦਿਆਰਥੀ ਵੱਡੇ ਹੋ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ।
ਇਸ ਮੌਕੇ ਤੇ ਡਾ. ਸਤਿੰਦਰ ਸਿੰਘ ਭਵਰਾ, ਪਰਮਜੀਤ ਸਿੰਘ ਚੌਹਾਨ ਤੋਂ ਇਲਾਵਾ ਡਾ. ਭਵਨੀਤ ਭਾਰਤੀ ਪ੍ਰਿੰਸੀਪਲ ਮੈਡੀਕਲ ਕਾਲਜ, ਡਾਕਟਰ ਸੰਗੀਤਾ ਜੈਨ- ਸਿਵਲ ਸਰਜਨ ਮੋਹਾਲੀ, ਡਾਕਟਰ ਐਚ. ਐਸ. ਚੀਮਾ ਐਸ.ਐਮ.ਓ. ਡਾਕਟਰ ਪਰਮਿੰਦਰ ਸਿੰਘ ਐਸ.ਐਮ.ਓ.,ਸੁਖਵਿੰਦਰ ਸਿੰਘ ਸੰਧੂ- ਚੀਫ ਇੰਜੀਨੀਅਰ, ਕੁਲਦੀਪ ਸਿੰਘ ਸਮਾਣਾ ਤੇ ਹੋਰ ਪਤਵੰਤੇ ਹਾਜ਼ਰ ਸਨ।