ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸੁਸਾਈਡ ਰੋਕਥਾਮ ਸਬੰਧੀ ਇੱਕ ਦਿਨਾ ਵਿਸਤਾਰਿਤ ਟ੍ਰੇਨਿੰਗ ਵਰਕਸ਼ਾਪ ਆਯੋਜਿਤ
ਰੋਹਿਤ ਗੁਪਤਾ
ਗੁਰਦਾਸਪੁਰ 18 ਦਸੰਬਰ 2025-ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸੁਸਾਈਡਲ ਅਟੈਮਪਟ ਦੀ ਰੋਕਥਾਮ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ “Mental Health of Students & Suicide Prevention” ਵਿਸ਼ੇ ’ਤੇ ਇੱਕ ਦਿਨਾ ਵਿਸਤਾਰਿਤ ਟ੍ਰੇਨਿੰਗ ਵਰਕਸ਼ਾਪ ਸਫ਼ਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਧ ਰਹੇ ਮਾਨਸਿਕ ਤਣਾਅ, ਡਿਪ੍ਰੈਸ਼ਨ ਅਤੇ ਸੁਸਾਈਡਲ ਅਟੈਮਪਟ ਦੀ ਰੋਕਥਾਮ ਲਈ ਸੰਸਥਾਗਤ ਜਾਗਰੂਕਤਾ ਅਤੇ ਸਮਰਥਾ ਨੂੰ ਮਜ਼ਬੂਤ ਕਰਨਾ ਸੀ।
ਇਸ ਟ੍ਰੇਨਿੰਗ ਵਰਕਸ਼ਾਪ ਦੀ ਮੁੱਖ ਰਿਸੋਰਸ ਪਰਸਨ ਡਾ. ਪੂਜਾ ਤਿਆਗੀ, ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਸਾਇਕੋਲੋਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਰਹੇ। ਡਾ. ਤਿਆਗੀ ਨੇ ਆਪਣੇ ਵਿਸਤਾਰਿਤ ਅਤੇ ਸੰਵੇਦਨਸ਼ੀਲ ਪ੍ਰਜ਼ੈਂਟੇਸ਼ਨ ਦੌਰਾਨ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਗੰਭੀਰ ਚੁਣੌਤੀਆਂ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਬਹੁਤ ਸਾਰੇ ਸੁਸਾਈਡ ਦੇ ਮਾਮਲੇ ਸੰਸਥਾਵਾਂ ਨੂੰ ਇਸ ਲਈ ਹੈਰਾਨ ਕਰ ਦਿੰਦੇ ਹਨ ਕਿਉਂਕਿ ਸੰਕੇਤ ਅਕਸਰ ਚੁੱਪ ਹੁੰਦੇ ਹਨ, ਗੈਰ-ਮੌਜੂਦ ਨਹੀਂ।
ਡਾ. ਤਿਆਗੀ ਨੇ ਦੱਸਿਆ ਕਿ ਅੱਜ ਦੇ ਵਿਦਿਆਰਥੀ ਅਕਾਦਮਿਕ ਦਬਾਅ, ਉੱਚ ਮੁਕਾਬਲਾ, ਰੁਜ਼ਗਾਰ ਦੀ ਅਨਿਸ਼ਚਿਤਤਾ, ਪਰਿਵਾਰਕ ਅਤੇ ਸਮਾਜਕ ਉਮੀਦਾਂ, ਨਸ਼ਿਆਂ ਦੀ ਆਸਾਨ ਪਹੁੰਚ, ਇਕੱਲਾਪਨ ਅਤੇ ਅਸਫਲਤਾ ਦੇ ਡਰ ਵਰਗੇ ਅਨੇਕ ਤੱਤਾਂ ਦੇ ਦਬਾਅ ਹੇਠ ਜੀ ਰਹੇ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਪਿੰਡਾਂ ਤੋਂ ਆਉਣ ਵਾਲੇ, first-generation learners ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਿਛੋਕੜ ਵਾਲੇ ਵਿਦਿਆਰਥੀ ਇਸ ਦਬਾਅ ਨੂੰ ਹੋਰ ਵੀ ਵਧੇਰੇ ਤਰੀਕੇ ਨਾਲ ਮਹਿਸੂਸ ਕਰਦੇ ਹਨ, ਜਿਸ ਕਾਰਨ ਉਨ੍ਹਾਂ ਵਿੱਚ ਮਾਨਸਿਕ ਤਣਾਅ ਅਤੇ ਸੁਸਾਈਡਲ ਖ਼ਤਰੇ ਦੀ ਸੰਭਾਵਨਾ ਵੱਧ ਜਾਂਦੀ ਹੈ।
ਵਰਕਸ਼ਾਪ ਦੌਰਾਨ ਡਾ. ਤਿਆਗੀ ਨੇ ਸੁਸਾਈਡਲ ਵਿਹਾਰ ਦੀ ਪਛਾਣ ਲਈ I.N.D.I.A. Warning Signs Checklist ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਚੈੱਕਲਿਸਟ ਵਿੱਚ Isolation, Neglect, Decline, Intent ਅਤੇ Affect Change ਵਰਗੇ ਮਹੱਤਵਪੂਰਣ ਸੰਕੇਤ ਸ਼ਾਮਲ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸੰਕੇਤ ਕਲਾਸਰੂਮ, ਹੋਸਟਲ, ਦਫ਼ਤਰਾਂ ਅਤੇ ਕੈਂਪਸ ਦੇ ਹੋਰ ਸਥਾਨਾਂ ’ਤੇ ਸਟਾਫ ਵੱਲੋਂ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ, ਜੇ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਹੋਵੇ।
ਡਾ. ਤਿਆਗੀ ਨੇ ਸੁਸਾਈਡ ਸਬੰਧੀ ਫੈਲੇ ਹੋਏ ਮਿਥਕਾਂ ਨੂੰ ਤੋੜਦਿਆਂ ਕਿਹਾ ਕਿ ਸੁਸਾਈਡ ਬਾਰੇ ਗੱਲ ਕਰਨਾ attention seeking ਨਹੀਂ, ਬਲਕਿ ਮਦਦ ਲਈ ਇੱਕ ਗੰਭੀਰ ਪੁਕਾਰ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਵਿਦਿਆਰਥੀ ਨਾਲ ਸੁਸਾਈਡ ਬਾਰੇ ਸਿੱਧਾ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਪੁੱਛਣਾ ਖ਼ਤਰਨਾਕ ਨਹੀਂ, ਸਗੋਂ ਇਹ ਇੱਕ ਸੁਰੱਖਿਅਤ ਅਤੇ ਰੱਖਿਆਤਮਕ ਕਦਮ ਹੈ।
ਵਰਕਸ਼ਾਪ ਵਿੱਚ ਸਟਾਫ ਨੂੰ ਇੱਕ ਸਪਸ਼ਟ Three-Step Life Saving Protocol ਵੀ ਸਿਖਾਇਆ ਗਿਆ, ਜਿਸ ਅਨੁਸਾਰ Question, Persuade ਅਤੇ Refer ਦੇ ਤਿੰਨ ਕਦਮ ਸ਼ਾਮਲ ਹਨ ਅਤੇ ਸਟਾਫ ਦੀ ਜ਼ਿੰਮੇਵਾਰੀ ਉਸ ਸਮੇਂ ਤੱਕ ਖ਼ਤਮ ਨਹੀਂ ਹੁੰਦੀ ਜਦੋਂ ਤੱਕ ਵਿਦਿਆਰਥੀ ਸੁਰੱਖਿਅਤ ਹੱਥਾਂ ਵਿੱਚ ਨਾ ਪਹੁੰਚ ਜਾਵੇ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਨਸਿਕ ਸਿਹਤ ਹੁਣ ਸਿਰਫ਼ ਵਿਅਕਤੀਗਤ ਮਸਲਾ ਨਹੀਂ ਰਹੀ, ਬਲਕਿ ਇੱਕ ਸੰਸਥਾਗਤ, ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ, ਸੰਵੇਦਨਸ਼ੀਲ ਅਤੇ ਸਹਾਰਾ ਦੇਣ ਵਾਲਾ ਮਾਹੌਲ ਬਣਾਉਣ ਲਈ ਵਚਨਬੱਧ ਹੈ।
ਪ੍ਰਿੰਸੀਪਲ ਨੇ ਜ਼ੋਰ ਦਿੱਤਾ ਕਿ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੋਵੇਂ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ Gatekeepers of Hope ਦੀ ਭੂਮਿਕਾ ਨਿਭਾਉਂਦੇ ਹਨ ਅਤੇ ਇੱਕ ਸਮੇਂ-ਸਿਰ ਕੀਤੀ ਗਈ ਦਖ਼ਲਅੰਦਾਜ਼ੀ ਇੱਕ ਕੀਮਤੀ ਜ਼ਿੰਦਗੀ ਬਚਾ ਸਕਦੀ ਹੈ।
ਵਰਕਸ਼ਾਪ ਦੇ ਅੰਤ ’ਤੇ ਇਹ ਨਿਰਣੈ ਲਿਆ ਗਿਆ ਕਿ ਕਾਲਜ ਵਿੱਚ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਮੁਹਿੰਮਾਂ, ਲਾਈਫ ਸਕਿਲਜ਼ ਵਰਕਸ਼ਾਪਾਂ, ਪੀਅਰ ਸਪੋਰਟ ਗਰੁੱਪ ਅਤੇ ਕਾਊਂਸਲਿੰਗ ਸਹਾਇਤਾ ਗਤੀਵਿਧੀਆਂ ਨਿਯਮਿਤ ਤੌਰ ’ਤੇ ਆਯੋਜਿਤ ਕੀਤੀਆਂ ਜਾਣਗੀਆਂ।
ਇਹ ਵਰਕਸ਼ਾਪ ਇਸ ਗੱਲ ਦਾ ਸਪਸ਼ਟ ਸੰਦੇਸ਼ ਦੇ ਗਈ ਕਿ ਸੁਸਾਈਡ ਰੋਕਥਾਮ ਸੰਭਵ ਹੈ, ਜੇ ਸੰਸਥਾ, ਪ੍ਰਸ਼ਾਸਨ ਅਤੇ ਸਟਾਫ ਮਿਲ ਕੇ ਸੰਵੇਦਨਸ਼ੀਲਤਾ, ਜਾਗਰੂਕਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ। ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਇਹ ਪਹਿਲਕਦਮੀ ਉੱਚ ਸਿੱਖਿਆ ਖੇਤਰ ਵਿੱਚ ਇੱਕ ਮਹੱਤਵਪੂਰਣ ਅਤੇ ਪ੍ਰਸ਼ੰਸਨੀਆ ਕਦਮ ਹੈ।
Displaying IMG_3798.jpeg.