Trump ਨੇ ਪੰਜ ਹੋਰ ਦੇਸ਼ਾਂ 'ਤੇ ਲਗਾਇਆ Travel Ban; ਅਮਰੀਕਾ 'ਚ ਦਾਖਲ ਹੋਣ 'ਤੇ ਲਗਾਈ ਸਖ਼ਤ ਰੋਕ
ਬਾਬੂਸ਼ਾਹੀ ਬਿਊਰੋ
ਵਾਸ਼ਿੰਗਟਨ/ਨਵੀਂ ਦਿੱਲੀ, 17 ਦਸੰਬਰ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਸਖ਼ਤ ਕਰਦੇ ਹੋਏ ਮੰਗਲਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਹੈ। ਟਰੰਪ ਪ੍ਰਸ਼ਾਸਨ ਨੇ ਆਪਣੇ ਯਾਤਰਾ ਪਾਬੰਦੀ (Travel Ban) ਦੇ ਘੇਰੇ ਨੂੰ ਵਧਾਉਂਦੇ ਹੋਏ ਇਸ ਵਿੱਚ ਪੰਜ ਹੋਰ ਦੇਸ਼ਾਂ ਨੂੰ ਸ਼ਾਮਲ ਕਰ ਲਿਆ ਹੈ।
ਨਵੇਂ ਹੁਕਮਾਂ ਮੁਤਾਬਕ, ਹੁਣ ਬੁਰਕੀਨਾ ਫਾਸੋ, ਮਾਲੀ, ਨਾਈਜਰ, ਦੱਖਣੀ ਸੂਡਾਨ ਅਤੇ ਸੀਰੀਆ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ 'ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਸ ਤੋਂ ਇਲਾਵਾ, ਪ੍ਰਸ਼ਾਸਨ ਨੇ ਫਲਸਤੀਨੀ ਅਥਾਰਟੀ (Palestinian Authority) ਦੁਆਰਾ ਜਾਰੀ ਦਸਤਾਵੇਜ਼ਾਂ 'ਤੇ ਯਾਤਰਾ ਕਰਨ ਵਾਲੇ ਲੋਕਾਂ ਦੇ ਵੀ ਅਮਰੀਕਾ ਆਉਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।
ਵਾਸ਼ਿੰਗਟਨ ਗੋਲੀਬਾਰੀ ਤੋਂ ਬਾਅਦ ਲਿਆ ਫੈਸਲਾ
ਇਹ ਸਖ਼ਤ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਹਾਲ ਹੀ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਗਾਰਡਜ਼ (National Guards) ਦੇ ਦੋ ਸੈਨਿਕਾਂ 'ਤੇ ਅਫਗਾਨਿਸਤਾਨ ਮੂਲ ਦੇ ਇੱਕ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ। ਇਸ ਘਟਨਾ ਨੇ ਅਮਰੀਕੀ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਵਿਸਥਾਰ ਜ਼ਰੂਰੀ ਸੀ।
12 ਦੇਸ਼ਾਂ 'ਤੇ ਪਾਬੰਦੀ ਲਗਾਈ ਸੀ
ਇਸ ਤੋਂ ਪਹਿਲਾਂ ਜੂਨ ਵਿੱਚ, ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ 'ਤੇ ਪਾਬੰਦੀ ਲਗਾਈ ਸੀ ਅਤੇ ਸੱਤ ਹੋਰ ਦੇਸ਼ਾਂ ਦੇ ਲੋਕਾਂ 'ਤੇ ਕਈ ਪਾਬੰਦੀਆਂ ਲਗਾਈਆਂ ਸਨ। ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਟਰੰਪ ਨੇ ਇਸ ਤਰ੍ਹਾਂ ਦੀ ਨੀਤੀ ਅਪਣਾਈ ਸੀ।
ਜਿਨ੍ਹਾਂ 12 ਦੇਸ਼ਾਂ 'ਤੇ ਯਾਤਰਾ ਪਾਬੰਦੀ ਲਗਾਈ ਗਈ ਸੀ, ਉਨ੍ਹਾਂ ਵਿੱਚ ਅਫਗਾਨਿਸਤਾਨ, ਮਿਆਂਮਾਰ, ਚਾਡ, ਰਿਪਬਲਿਕ ਆਫ ਕਾਂਗੋ, ਇਕਵੇਟੋਰੀਅਲ ਗਿਨੀ, ਇਰੀਟ੍ਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੂਡਾਨ ਅਤੇ ਯਮਨ ਸ਼ਾਮਲ ਸਨ ਅਤੇ ਬੁਰੂੰਡੀ, ਕਿਊਬਾ, ਲਾਓਸ, ਸਿਏਰਾ ਲਿਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੁਏਲਾ ਦੇ ਨਾਗਰਿਕਾਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ।