Amber Group ਪੰਜਾਬ 'ਚ ਕਰੇਗਾ 500 ਕਰੋੜ ਦਾ ਨਿਵੇਸ਼; ਰਾਜਪੁਰਾ 'ਚ ਸਥਾਪਿਤ ਹੋਵੇਗਾ R&D ਸੈਂਟਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਰਾਜਪੁਰਾ, 18 ਦਸੰਬਰ: ਪੰਜਾਬ ਦੇ ਉਦਯੋਗਿਕ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਮਜ਼ਬੂਤ ਕਦਮ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਸ਼ਹੂਰ ਐਂਬਰ ਗਰੁੱਪ (Amber Group) ਸੂਬੇ ਵਿੱਚ ਵੱਡਾ ਨਿਵੇਸ਼ ਕਰਨ ਜਾ ਰਿਹਾ ਹੈ। ਕੰਪਨੀ ਰਾਜਪੁਰਾ ਵਿੱਚ ਆਪਣਾ ਨਵਾਂ ਆਰ ਐਂਡ ਡੀ ਸੈਂਟਰ (R&D Center) ਸਥਾਪਿਤ ਕਰੇਗੀ। ਇਸ ਪ੍ਰੋਜੈਕਟ 'ਤੇ ਕੰਪਨੀ 500 ਕਰੋੜ ਰੁਪਏ ਦਾ ਭਾਰੀ-ਭਰਕਮ ਨਿਵੇਸ਼ ਕਰੇਗੀ, ਜਿਸ ਨਾਲ ਸੂਬੇ ਦੀ ਇੰਡਸਟਰੀ ਨੂੰ ਨਵੀਂ ਰਫ਼ਤਾਰ ਮਿਲੇਗੀ।
1000 ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ
ਮੰਤਰੀ ਅਰੋੜਾ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਦੱਸਿਆ ਕਿ ਇਸ ਨਵੇਂ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਕਰੀਬ 1000 ਨੌਜਵਾਨਾਂ ਨੂੰ ਹਾਈ-ਸਕੇਲ ਨੌਕਰੀਆਂ ਮਿਲਣਗੀਆਂ। ਇਹ ਨਿਵੇਸ਼ ਸਾਬਤ ਕਰਦਾ ਹੈ ਕਿ ਵੱਡੇ ਉਦਯੋਗਾਂ ਨੂੰ ਪੰਜਾਬ ਦੇ ਹੁਨਰਮੰਦ ਕਾਰਜਬਲ (Skilled Workforce), ਬਿਹਤਰ ਬੁਨਿਆਦੀ ਢਾਂਚੇ (Infrastructure) ਅਤੇ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ 'ਤੇ ਪੂਰਾ ਭਰੋਸਾ ਹੈ।
ਮਾਨ ਸਰਕਾਰ (Mann Government) ਦਾ ਮੁੱਖ ਉਦੇਸ਼ ਨਿਵੇਸ਼ ਰਾਹੀਂ ਨੌਜਵਾਨਾਂ ਲਈ ਲੰਬੇ ਸਮੇਂ ਤੱਕ ਚੱਲਣ ਵਾਲੇ ਅਤੇ ਭਰੋਸੇਮੰਦ ਰੋਜ਼ਗਾਰ ਪੈਦਾ ਕਰਨਾ ਹੈ। ਸਰਕਾਰ ਇੱਕ ਅਜਿਹਾ ਮਾਹੌਲ ਤਿਆਰ ਕਰ ਰਹੀ ਹੈ, ਜਿੱਥੇ ਪੰਜਾਬ ਦੇ ਨੌਜਵਾਨ ਆਪਣੇ ਪਰਿਵਾਰ ਅਤੇ ਆਪਣੀ ਸੱਭਿਆਚਾਰਕ ਪਛਾਣ ਨਾਲ ਜੁੜੇ ਰਹਿ ਕੇ ਤਰੱਕੀ ਕਰ ਸਕਣ।
ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਨਿਵੇਸ਼ਕਾਂ ਲਈ ਇੱਕ ਭਰੋਸੇਯੋਗ ਅਤੇ ਭਵਿੱਖ 'ਤੇ ਕੇਂਦਰਿਤ ਸੂਬਾ ਬਣ ਕੇ ਉੱਭਰਿਆ ਹੈ।