ਲਾਭਪਾਤਰੀਆਂ ਤੱਕ ਸਰਕਾਰੀ ਅਨਾਜ ਪੁੱਜਦਾ ਕਰਨ ਲਈ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਇੰਸਪੈਕਟਰ ਹਰਮੀਤ ਸਿੰਘ
ਕਿਹਾ- ਈ-ਕੇ.ਵਾਈ.ਸੀ ਕਰਵਾਉਣ ਮਗਰੋਂ ਲਾਭਪਾਤਰੀ ਨੂੰ 24 ਘੰਟਿਆਂ ਦੇ ਅੰਦਰ ਦਿੱਤਾ ਜਾਵੇਗਾ ਬਣਦਾ ਅਨਾਜ
ਰੋਹਿਤ ਗੁਪਤਾ
ਫ਼ਤਿਹਗੜ੍ਹ ਚੂੜੀਆਂ, 28 ਜੁਲਾਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਭਪਾਤਰੀਆਂ ਤੱਕ ਸਰਕਾਰੀ ਅਨਾਜ ਪੁੱਜਦਾ ਕਰਨ ਲਈ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲਾਭਪਾਤਰੀਆਂ ਨੂੰ ਬਣਦਾ ਹੱਕ ਦਿਵਾਉਣ ਲਈ ਵਿਭਾਗ ਹਮੇਸ਼ਾਂ ਤੱਤਪਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖ਼ੁਰਾਕ ਤੇ ਸਪਲਾਈ ਵਿਭਾਗ ਫ਼ਤਿਹਗੜ੍ਹ ਚੂੜੀਆਂ ਦੇ ਇੰਸਪੈਕਟਰ ਹਰਮੀਤ ਸਿੰਘ ਨੇ ਵੱਖ-ਵੱਖ ਡੀਪੂਆਂ ਦੀ ਚੈਕਿੰਗ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਖ਼ੁਰਾਕ ਤੇ ਸਪਲਾਈ ਅਫ਼ਸਰ ਅਮਰਜੀਤ ਰਾਮ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਸਮੇਂ-ਸਮੇਂ ਸਸਤਾ ਅਨਾਜ ਦਿੱਤਾ ਜਾ ਰਿਹਾ ਹੈ ਅਤੇ ਇਸ ਵਿੱਚ ਕਿਸੇ ਵੀ ਡੀਪੂ ਹੋਲਡਰ ਵੱਲੋਂ ਲਾਭਪਾਤਰੀਆਂ ਦਾ ਸੋਸ਼ਣ ਅਤੇ ਮਨਮਰਜੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉਹ ਖੁਦ ਪਿੰਡਾਂ ਅਤੇ ਸ਼ਹਿਰ ਵਿੱਚ ਡੀਪੂਆਂ ਦੀ ਚੈਕਿੰਗ ਕਰ ਰਹੇ ਹਨ ਤਾਂ ਜੋ ਗਰੀਬ ਲੋਕਾਂ ਤੱਕ ਉਨ੍ਹਾਂ ਦਾ ਬਣਦਾ ਲਾਭ ਸਮੇਂ ਨਾਲ ਪੁੱਜਦਾ ਕੀਤਾ ਜਾ ਸਕੇ।
ਇੰਸਪੈਕਟਰ ਹਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਡੀਪੂ ਹੋਲਡਰਾਂ ਨੂੰ ਪਹਿਲਾਂ ਤੋਂ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਲਾਭਪਾਤਰੀ ਨੂੰ ਘੱਟ ਅਨਾਜ ਨਾ ਦਿੱਤਾ ਜਾਵੇ ਅਤੇ ਜਿਹੜੇ ਲਾਭਪਾਤਰੀ ਦੀ ਈ-ਕੇ.ਵਾਈ.ਸੀ ਹੋਈ ਹੈ, ਉਸਨੂੰ ਉਸਦਾ ਬਣਦਾ ਲਾਭ ਹਰ ਹਾਲ ਵਿੱਚ ਦੇਣ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਲਾਭਪਾਤਰੀ ਅੱਜ ਵੀ ਆਪਣੀ ਈ-ਕੇ.ਵਾਈ.ਸੀ ਕਰਵਾਉਣ ਵਿੱਚ ਢਿੱਲ ਵਰਤ ਰਹੇ ਹਨ, ਉਹ ਜਲਦ ਈ-ਕੇ.ਵਾਈ.ਸੀ ਕਰਵਾਉਣ ਨਹੀਂ ਤਾਂ ਆਉਣ ਵਾਲੇ ਸਮੇਂ ਦੌਰਾਨ ਉਨ੍ਹਾਂ ਦਾ ਰਾਸ਼ਨ ਕਾਰਡ ਪੋਰਟਲ ਵਿੱਚੋਂ ਨਾਮ ਵੀ ਕੱਟਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਫ਼ਤਿਹਗੜ੍ਹ ਚੂੜੀਆਂ ਸ਼ਹਿਰ ਅਤੇ ਪਿੰਡਾਂ ਵਿੱਚ ਕਣਕ ਦੀ ਨਿਰਵਿਘਨ ਵੰਡ ਜਾਰੀ ਹੈ ਅਤੇ ਲਾਭਪਾਤਰੀਆਂ ਨੂੰ ਜੁਲਾਈ ਤੋਂ ਸਤੰਬਰ ਮਹੀਨੇ ਤੱਕ ਦਾ ਅਨਾਜ ਦੇਣ ਦੀ ਪ੍ਰਕਿਰਿਆ ਪਾਰਦਰਸ਼ਤਾ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਅੱਜ ਵੀ ਆਪਣੀ ਈ-ਕੇ.ਵਾਈ.ਸੀ ਕਰਵਾਉਣ ਤੋਂ ਵਾਂਝੇ ਹਨ, ਜਿੰਨ੍ਹਾਂ ਨੂੰ ਭਵਿੱਖ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਹਦਾਇਤਾਂ ਅਨੁਸਾਰ ਈ-ਕੇ.ਵਾਈ.ਸੀ ਕਰਵਾਉਣ ਵਾਲੇ ਲਾਭਪਾਤਰੀਆਂ ਨੂੰ ਹੀ ਅਨਾਜ ਮਿਲੇਗਾ ਅਤੇ ਜੇਕਰ ਕਿਸੇ ਵਿਅਕਤੀ ਦੀ ਈ-ਕੇ.ਵਾਈ.ਸੀ ਹੋਣ ਤੋਂ ਰਹਿੰਦੀ ਹੈ ਤਾਂ ਉਹ ਤੁਰੰਤ ਸਬੰਧਤ ਡੀਪੂ ਹੋਲਡਰ ਪਾਸੋਂ ਆਪਣੀ ਈ-ਕੇ.ਵਾਈ.ਸੀ ਕਰਵਾ ਸਕਦਾ ਹੈ, ਜਿਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਉਸਦਾ ਬਣਦਾ ਅਨਾਜ ਦੇ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਅਨਾਜ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸਿੱਧਾ ਦਫ਼ਤਰ ਰਵੀਦਾਸ ਚੌਂਕ ਫ਼ਤਿਹਗੜ੍ਹ ਚੂੜੀਆਂ ਵਿੱਚ ਆ ਕੇ ਰਾਬਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਡੀਪੂ ਹੋਲਡਰ ਕਣਕ ਦੀ ਵੰਡ ਮੌਕੇ ਕੁਤਾਹੀ ਕਰਦਾ ਹੈ ਤਾਂ ਉਸਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।