ਪੰਜਾਬ 'ਚ ਸੁਨਿਆਰੇ ਦੇ ਸ਼ੋਅਰੂਮ 'ਤੇ ਫਾਈਰਿੰਗ, ਘਟਨਾ CCTV 'ਚ ਕੈਦ
ਜਗਰਾਉਂ ਦੇ ਕਮਲ ਚੌਂਕ ਵਿੱਚ ਸੁਨਿਆਰੇ ਦੀ ਦੁਕਾਨ ਤੇ ਬਾਈਕ ਸਵਾਰ ਗੋਲੀਆਂ ਚਲਾ ਕੇ ਹੋਏ ਫਰਾਰ
ਐਸਐਸਪੀ ਅੰਕਰ ਗੁਪਤਾ ਖੁਦ ਪਹੁੰਚੇ ਮੌਕਾ ਦੇਖਣ
ਸ਼ਹਿਰ ਅੰਦਰ ਬਣਿਆ ਦਹਿਸ਼ਤ ਦਾ ਮਾਹੌਲ
ਦੀਪਕ ਜੈਨ
ਜਗਰਾਉਂ , 28 ਜੁਲਾਈ 2025: ਸ਼ਹਿਰ ਦੇ ਵਪਾਰ ਦੀ ਹੱਬ ਸਮਝੇ ਜਾਂਦੇ ਅਤੇ ਭੀੜ-ਭਾੜ ਵਾਲੇ ਭਰੇ ਬਾਜਾਰ ਦੇ ਕਮਲ ਚੌਂਕ ਵਿੱਚ ਅੱਜ ਦਿਨ-ਦਹਾੜੇ ਇੱਕ ਸੁਨਿਆਰੇ ਦੀ ਦੁਕਾਨ ’ਤੇ ਦੋ ਮੋਟਰ ਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੂਸਾਰ ਸ਼ਹਿਰ ਦੇ ਮੇਨ ਬਾਜਾਰ ਕਮਲ ਚੌਂਕ ਵਿਖੇ ਸੱਥਿਤ ਇੱਕ ਸੁਨਿਆਰੇ ਦੀ ਦੁਕਾਨ ਜੋ ਕਿ ਮੇਨ ਚੌਂਕ ਦੀ ਨੂਕੱਰ ’ਤੇ ਸੱਥਿਤ ਹੈ, ਉਸ ਦੁਕਾਨ ’ਤੇ ਅੱਜ ਬਾਅਦ ਦੁਪਹਿਰ ਦੇ ਸਮੇਂ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਗੋਲੀਆਂ ਚਲਾ ਕੇ ਫਰਾਰ ਹੋ ਗਏ।
ਗੋਲੀਆਂ ਚਲਣ ਦੀ ਆਵਾਜ ਸੁਣਦੇ ਸਾਰ ਹੀ ਨੇੜੇ ਦੀਆਂ ਦੁਕਾਨਾਂ ਵਾਲ਼ਿਆਂ ਨੇ ਵੀ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰ ਦਿੱਤੇ ਅਤੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਜਗਰਾਓਂ ਦੇ ਐੱਸਐੱਸਪੀ ਡਾ. ਅੰਕੂਰ ਗੁਪਤਾ, ਥਾਣਾ ਸਿਟੀ ਦੇ ਇੰਸਪੈਕਟਰ ਵਰਿੰਦਰਪਾਲ ਸਿੰਘ ਸਮੇਤ ਪੁਲਿਸ ਦੇ ਆਲਾ ਅਧਿਕਾਰੀ ਮੋਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਦੋਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਿਨਾਂ ਨੰਬਰ ਵਾਲੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਹੈ, ਜੋ ਕਿ ਚੋਂਕ ਵਿੱਚ ਲੱਗੇ ਸਰਕਾਰੀ ਕੈਮਰਿਆਂ ਵਿੱਚ ਕੈਦ ਹੋ ਗਈ।
ਉਨ੍ਹਾਂ ਦੱਸਿਆ ਕਿ ਗੋਲੀਆਂ ਚਲਾੁੳਣ ਵਾਲੇ ਵਿਅਕਤੀਆਂ ਨੂੰ ਫੜਣ ਲਈ ਪੁਲਿਸ ਦੀਆਂ ਟੀਮਾਂ ਬਣਾਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇੱਥੇ ਤੁਹਾਨੂੰ ਯਾਦ ਕਰਾ ਦਈਏ ਕਿ ਕੁਝ ਮਹੀਨੇ ਪਹਿਲਾਂ ਕਮਲ ਚੌਂਕ ਤੋਂ ਅੱਗੇ ਝਾਂਸੀ ਰਾਣੀ ਚੌਂਕ ਦੇ ਨਜਦੀਕ ਵੀ ਲੱਖੇ ਵਾਲੇ ਜਵੈਲਰ ਦੀ ਦੁਕਾਨ ਉੱਪਰ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਗੋਲੀਆਂ ਵਰਾ ਕੇ ਦਹਿਸ਼ਤ ਫੈਲਾਈ ਗਈ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ ਜਿਨਾਂ ਨੂੰ ਪੁਲਿਸ ਵੱਲੋਂ ਲੰਮੀ ਪੜਤਾਲ ਮਗਰੋਂ ਕਾਬੂ ਕਰ ਲਿੱਤਾ ਗਿਆ ਸੀ।
ਮਾਮਲੇ ਬਾਰੇ ਜਦੋਂ ਦੁਕਾਨ ਦੇ ਮਾਲਕ ਪਰਵਿੰਦਰ ਸਿੰਘ ਕੰਡਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਤਾਂ ਉਸ ਸਮੇਂ ਘਰ ਆਪਣੇ ਖਾਣਾ ਖਾਣ ਗਏ ਹੋਏ ਸਨ ਅਤੇ ਦੁਕਾਨ ਤੇ ਉਹਨਾਂ ਦਾ ਬੇਟਾ ਬੈਠਾ ਸੀ ਅਤੇ ਬੇਟਾ ਮੋਬਾਇਲ ਉੱਪਰ ਗੇਮ ਖੇਡ ਰਿਹਾ ਸੀ। ਕਿਸੇ ਦੁਸ਼ਮਣੀ ਜਾਂ ਫਿਰੌਤੀ ਬਾਰੇ ਉਹਨਾਂ ਕਿਹਾ ਕਿ ਮੇਰੀ ਕਿਸੇ ਨਾਲ ਨਾ ਕੋਈ ਦੁਸ਼ਮਣੀ ਹੈ ਨਾ ਮੈਨੂੰ ਕਦੇ ਫਰੋਤੀ ਬਾਰੇ ਕੋਈ ਕਾਲ ਆਈ ਹੈ। ਬਾਜ਼ਾਰ ਦੇ ਦੁਕਾਨਦਾਰ ਦਰਸ਼ਨ ਜਨੇਜਾ ਨੇ ਕਿਹਾ ਕਿ ਘਟਨਾ ਵਾਪਰੀ ਨੂੰ 15 ਮਿੰਟ ਬਾਅਦ ਤੱਕ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ।
ਜਦ ਕਿ ਪੁਲਿਸ ਨੂੰ ਜਦੇ ਹੀ ਫੋਨ ਕਰ ਦਿੱਤੇ ਗਏ ਸਨ। ਦੁਕਾਨ ਦੇ ਅੰਦਰ ਬੈਠੇ ਦੁਕਾਨ ਮਾਲਕ ਦੇ ਦੋਸਤ ਪਵਨ ਨੇ ਦੱਸਿਆ ਕਿ ਦੋ ਬਦਮਾਸ਼ ਅਪਾਚੀ ਮੋਟਰਸਾਈਕਲ ਉੱਪਰ ਮੂੰਹ ਢਕੇ ਹੋਏ ਸਨ ਅਤੇ ਮੋਟਰਸਾਈਕਲ ਦੇ ਉੱਪਰ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਅਤੇ ਉਹ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ। ਐਸਐਸਪੀ ਡਾਕਟਰ ਅੰਕੁਰ ਗੁਪਤਾ ਜਦੋਂ ਮੌਕੇ ਤੇ ਪਹੁੰਚੇ ਤਾਂ ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੂਟਰਾਂ ਨੂੰ ਪਕੜਨ ਲਈ ਪੁਲਿਸ ਦੀਆਂ ਟੀਮਾਂ ਬਣਾ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਇਹ ਸ਼ੂਟਰ ਕਾਬੂ ਕਰ ਲਿੱਤੇ ਜਾਣਗੇ।