ਤ੍ਰਿਵੈਣੀ ਕਲੱਬ ਬਠਿੰਡਾ ਵੱਲੋਂ 'ਤੀਆਂ ਤੀਜ ਦੀਆਂ' ਤਿੰਨ ਅਗਸਤ ਨੂੰ : ਡਾ: ਅਮਰਜੀਤ ਕੌਰ ਕੋਟਫੱਤਾ
ਅਸ਼ੋਕ ਵਰਮਾ
ਬਠਿੰਡਾ, 28 ਜੁਲਾਈ 2025 : ਡਾ: ਅਮਰਜੀਤ ਕੌਰ ਕੋਟ ਫੱਤਾ ਸੇਵਾ ਮੁਕਤ ਡੀ.ਈ.ਓ ਪ੍ਰਧਾਨ ਤ੍ਰਿਵੈਣੀ ਕਲੱਬ ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਵਿਰਸੇ ਦੀ ਸੰਭਾਲ ਲਈ 'ਤੀਆਂ ਤੀਜ ਦੀਆਂ ਦਾ ਮੇਲਾ'ਮਾਡਲ ਟਾਊਨ ਫੇਜ ਤਿੰਨ ਬਠਿੰਡਾ ਵਿੱਚ 3 ਅਗਸਤ ਨੂੰ ਸ਼ਾਮ 4 ਵਜੇ ਮਨਾਇਆ ਜਾਵੇਗਾ। ਇਹ ਪ੍ਰੋਗਰਾਮ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਡਾ: ਕੋਟਫੱਤਾ ਨੇ ਕਿਹਾ ਪੰਜਾਬੀ ਵਿਰਸੇ ਦੀ ਸੰਭਾਲ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਮੁਕਾਬਲੇ ਕਰਾਏ ਜਾਣਗੇ। ਤੀਆਂ ਦੇ ਪ੍ਰੋਗਰਾਮ ਦੌਰਾਨ ਮਹਿੰਦੀ ਮੁਕਾਬਲੇ, ਲੰਬੀ ਹੇਕ ਦੇ ਗੀਤ ,ਸਿੱਠਣੀਆਂ, ਕੋਰੀਓਗ੍ਰਾਫੀ, ਪੰਜਾਬੀ ਸੱਭਿਆਚਾਰਕ ਬੋਲੀਆਂ ਦੇ ਮੁਕਾਬਲੇ ਕਰਵਾਏ ਜਾਣਗੇ।
ਉਹਨਾਂ ਦੱਸਿਆ ਕਿ ਸਾਡੀ ਨੌਜਵਾਨ ਪੀੜੀ ਜੋ ਵਿਦੇਸ਼ਾਂ ਨੂੰ ਜਾ ਰਹੀ ਹੈ ਉਸ ਸਬੰਧੀ ਵੀ ਠੱਲ੍ਹ ਪਾਉਣ ਲਈ ਪ੍ਰੋਗਰਾਮ ਵਿੱਚ ਪ੍ਰੇਰਿਤ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਪੁਰਾਣੇ ਰੀਤੀ ਰਿਵਾਜ ਅਨੁਸਾਰ ਗੁਲਗਲੇ ,ਮਾਲ ਪੂੜੇ, ਖੀਰ ਵੰਡ ਕੇ ਪੁਰਾਣੀ ਰੀਤ ਨੂੰ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਪੰਜਾਬੀ ਸਿਨੇਮਾ ਜਗਤ ਨਾਲ ਜੁੜੀਆਂ ਮਹਾਨ ਹਸਤੀਆਂ , 'ਪਾਲ ਸਮਾਉ' ਗਿੱਧਾ ਐਕਸਪਰਟ,ਡਾ: ਪ੍ਰਭਸ਼ਰਨ ਕੌਰ ਅਤੇ ਸਟੇਟ ਅਵਾਰਡੀ ਪ੍ਰਿੰਸੀਪਲ ਜਸਪਾਲ ਸਿੰਘ ਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਅਖੀਰ ਵਿੱਚ ਦਰਸ਼ਕਾਂ ਤੋਂ ਪੰਜਾਬੀ ਸੱਭਿਆਚਾਰ ਸਬੰਧੀ ਪ੍ਰਸ਼ਨ ਪੁੱਛ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਉਪਰਾਲੇ ਲਈ ਤ੍ਰਿਵੈਣੀ ਕਲੱਬ ਦੀਆਂ ਸਮੂਹ ਮੈਂਬਰਾਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਦਰਵੇਸ਼ ਸਿਆਸਤਦਾਨ ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ ਦਾ ਵੀ ਮਹੱਤਵਪੂਰਨ ਰੋਲ ਹੋਵੇਗਾ ।