Bikram Majithia Case: ਮਜੀਠੀਆ ਦੇ ਇਸ ਮਾਮਲੇ 'ਚ ਅੱਜ 29 ਜੁਲਾਈ ਨੂੰ ਹੋਵੇਗੀ ਸੁਣਵਾਈ
ਚੰਡੀਗੜ੍ਹ, 29 ਜੁਲਾਈ 2025 : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਨਾਭਾ ਜੇਲ੍ਹ 'ਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਵਿਰੁੱਧ ਪਟੀਸ਼ਨ 'ਤੇ ਅੱਜ 29 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਹੈ। ਪਿਛਲੀ ਵਾਰ ਮਜੀਠੀਆ ਦੇ ਵਕੀਲਾਂ ਨੇ ਪਟੀਸ਼ਨ 'ਚ ਸੋਧ ਲਈ ਸਮਾਂ ਮੰਗਿਆ ਸੀ, ਜੋ ਅਦਾਲਤ ਵਲੋਂ ਮਨਜ਼ੂਰ ਕੀਤਾ ਗਿਆ।
ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਉੱਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਛਾਪੇ ਵੀ ਪਏ ਹਨ ਅਤੇ ਸਰਕਾਰ ਦਾ ਦਾਅਵਾ ਹੈ ਕਿ ਮਜੀਠੀਆ ਵਿਰੁੱਧ ਪੱਕੇ ਸਬੂਤ ਹਨ। ਦੂਜੇ ਪਾਸੇ, ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕੋਈ ਠੋਸ ਆਧਾਰ ਨਹੀਂ ਤੇ ਸਰਕਾਰ ਸਿਰਫ ਮੀਡੀਆ ਰਾਹੀਂ ਦਾਅਵੇ ਕਰ ਰਹੀ ਹੈ, ਪਰ ਅਦਾਲਤ ਵਿੱਚ ਅਜਿਹਾ ਕੁਝ ਨਹੀਂ।
ਇਸ ਤੋਂ ਇਲਾਵਾ, ਮਜੀਠੀਆ ਪੱਖੋਂ ਮੋਹਾਲੀ ਅਦਾਲਤ ਵਿੱਚ ਅਰਜ਼ੀ ਪਾਈ ਗਈ ਹੈ ਕਿ ਮਾਮਲੇ ਦੀ ਕਾਰਵਾਈ ਕੈਮਰੇ ਵਿੱਚ ਨਹੀਂ, ਸਗੋਂ ਲਾਈਵ ਸਟ੍ਰੀਮ ਰਾਹੀਂ ਹੋਵੇ ਤਾਂ ਜੋ ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਲੋਕ ਵੀ ਇਸ ਕਾਨੂੰਨੀ ਪੜਾਅ ਨੂੰ ਦੇਖ ਸਕਣ।