Mohali DC ਨੇ ਵਿਭਾਗਾਂ ਨੂੰ ਮਾਨਸੂਨ ਦੌਰਾਨ ਸੜਕਾਂ ਤੇ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦੇ ਦਿੱਤੇ ਨਿਰਦੇਸ਼
ਐਸ ਡੀ ਐਮਜ਼ ਨੂੰ ਸ਼ਹਿਰ ਪੱਧਰੀ ਮੁੱਦਿਆਂ ਦੀ ਨਿਗਰਾਨੀ ਅਤੇ ਹੱਲ ਨੂੰ ਤਰਜੀਹ ਦੇਣ ਲਈ ਕਿਹਾ
ਜ਼ੀਰਕਪੁਰ, ਡੇਰਾਬੱਸੀ ਅਤੇ ਖਰੜ ਦੇ ਡਰੇਨੇਜ ਸੰਬੰਧੀ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜੁਲਾਈ:
ਬਰਸਾਤਾਂ ਦੌਰਾਨ ਜ਼ੀਰਕਪੁਰ, ਡੇਰਾਬੱਸੀ ਅਤੇ ਖਰੜ ਵਿੱਚ ਡਰੇਨੇਜ ਅਤੇ ਸੜ੍ਹਕਾਂ ਤੇ ਪਾਣੀ ਖੜ੍ਹਨ ਦੀਆਂ ਸਮੱਸਿਆਵਾਂ ਨੂੰ ਸਰਗਰਮੀ ਨਾਲ ਹੱਲ ਕਰਨ ਲਈ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ। ਮੀਟਿੰਗ ਵਿੱਚ ਐਸ ਡੀ ਐਮਜ਼, ਕਾਰਜਕਾਰੀ ਅਧਿਕਾਰੀਆਂ (ਈ ਓਜ਼), ਨਗਰ ਨਿਗਮ ਇੰਜੀਨੀਅਰਾਂ, ਜਲ ਸਪਲਾਈ ਅਤੇ ਸੀਵਰੇਜ ਬੋਰਡ, ਡਰੇਨੇਜ ਅਤੇ ਮਾਈਨਿੰਗ ਡਿਵੀਜ਼ਨ ਦੇ ਅਧਿਕਾਰੀਆਂ ਅਤੇ ਰਾਸ਼ਟਰੀ ਰਾਜਮਾਰਗ ਅਥਾਰਟੀ ਆਫ਼ ਇੰਡੀਆ (ਐਨ ਐਚ ਏ ਆਈ) ਦੇ ਨੁਮਾਇੰਦੇ ਸ਼ਾਮਲ ਹੋਏ।
ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲਾਂ ਅਤੇ ਉਨ੍ਹਾਂ ਨਾਲ ਸਬੰਧਤ ਸਾਰੇ ਵਿਭਾਗਾਂ ਨੂੰ ਪਾਣੀ ਭਰਨ ਵਾਲੀਆਂ ਥਾਵਾਂ ਦੀ ਪਛਾਣ ਕਰਨ ਅਤੇ ਤੁਰੰਤ ਉਪਚਾਰਕ ਉਪਾਅ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਲੋੜੀਂਦੀ ਪੰਪਿੰਗ ਮਸ਼ੀਨਰੀ ਦੀ ਤਾਇਨਾਤੀ ਅਤੇ ਪਾਣੀ ਭਰਨ ਵਾਲੀਆਂ ਸੜਕਾਂ ਵਿੱਚੋਂ ਸਮੇਂ ਸਿਰ ਪਾਣੀ ਕੱਢਣ 'ਤੇ ਜ਼ੋਰ ਦਿੱਤਾ। ਸੀਵਰੇਜ ਲਾਈਨਾਂ ਅਤੇ ਖੁੱਲ੍ਹੀਆਂ ਨਾਲੀਆਂ ਦੀ ਨਿਯਮਤ ਸਫਾਈ 'ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਦੁਬਾਰਾ ਪਾਣੀ ਭਰਨ ਦੀ ਮੁਸ਼ਕਿਲ ਤੋਂ ਬਚਿਆ ਜਾ ਸਕੇ।
ਜ਼ੀਰਕਪੁਰ ਵਿੱਚ ਵੀ ਆਈ ਪੀ ਰੋਡ ਅਤੇ ਪਟਿਆਲਾ ਚੌਕ, ਡੇਰਾਬੱਸੀ ਵਿੱਚ ਬਰਵਾਲਾ ਰੋਡ ਅਤੇ ਖਰੜ ਵਿੱਚ ਖੂਨੀ ਮਾਜਰਾ ਅਤੇ ਨਿੱਝਰ ਚੌਕ ਰੋਡ ਵਰਗੇ ਪ੍ਰਭਾਵਿਤ ਹੋ ਸਕਦੇ ਖੇਤਰਾਂ ਬਾਰੇ ਚਰਚਾ ਕਰਦੇ ਹੋਏ, ਡੀ ਸੀ ਮਿੱਤਲ ਨੇ ਡੇਰਾਬੱਸੀ ਅਤੇ ਖਰੜ ਦੇ ਐਸ ਡੀ ਐਮਜ਼ ਨੂੰ ਇਨ੍ਹਾਂ ਥਾਵਾਂ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਬਾਰਿਸ਼ ਦੌਰਾਨ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਐਨ ਐਚ ਏ ਆਈ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਹਦਾਇਤ ਕੀਤੀ ਗਈ ਕਿ ਉਹ ਕੌਮੀ ਸ਼ਾਹਰਾਹਾਂ ਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਅਤੇ ਨਿਰਵਿਘਨ ਰੱਖਣ ਲਈ ਹਾਈਵੇਅ 'ਤੇ ਪਾਣੀ ਦੇ ਜਮ੍ਹਾਂ ਹੋਣ ਦੀ ਸਥਿਤੀ ਨੂੰ ਬਿਨਾਂ ਕਿਸੇ ਦੇਰੀ ਦੇ ਸੰਭਾਲਣ ਅਤੇ ਨਾਰਮਲ ਕਰਨ।
ਜ਼ੀਰਕਪੁਰ ਦੇ ਕੁਝ ਹਿੱਸਿਆਂ ਵਿੱਚ ਸੁਖਨਾ ਚੋਅ ਓਵਰਫਲੋ ਦੇ ਖਤਰਿਆਂ ਦੇ ਸੰਬੰਧ ਵਿੱਚ, ਡਿਪਟੀ ਕਮਿਸ਼ਨਰ ਨੇ ਸਥਾਨਕ ਅਧਿਕਾਰੀਆਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨਾਲ ਤਾਲਮੇਲ ਵਿੱਚ ਰਹਿਣ ਲਈ ਕਿਹਾ। ਇਸ ਨਾਲ ਚੋਅ ਵਿੱਚ ਪਾਣੀ ਦੇ ਜ਼ਿਆਦਾ ਵਹਾਅ ਦੀ ਸਥਿਤੀ ਤੋਂ ਪਹਿਲਾਂ ਸਮੇਂ ਸਿਰ ਚੇਤਾਵਨੀਆਂ ਜਾਰੀ ਕਰਨ ਵਿੱਚ ਮਦਦ ਮਿਲੇਗੀ।
ਏ ਡੀ ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐਸ ਡੀ ਐਮ ਖਰੜ ਸ਼੍ਰੀਮਤੀ ਦਿਵਿਆ ਪੀ. ਅਤੇ ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ ਨੇ ਡਿਪਟੀ ਕਮਿਸ਼ਨਰ ਨੂੰ ਚੱਲ ਰਹੇ ਮੌਨਸੂਨ ਸੀਜ਼ਨ ਦੌਰਾਨ ਪਾਣੀ ਦੇ ਖੜ੍ਹਨ ਨਾਲ ਨਜਿੱਠਣ ਲਈ ਮਜ਼ਬੂਤ ਅਤੇ ਤਾਲਮੇਲ ਵਾਲੇ ਪ੍ਰਬੰਧਨ ਯਤਨਾਂ ਦਾ ਭਰੋਸਾ ਦਿੱਤਾ।