ਪਵਿੱਤਰ ਵੇਈਂ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਸ਼੍ਰੀ ਆਖੰਡ ਪਾਠ ਆਰੰਭ
ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵੱਲੋਂ ਬਣਾਇਆ ਜਾ ਰਿਹਾ ਹੈ ਜਿੰਮ
ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਪਹੁੰਚ ਰਹੀਆਂ ਸਖਸ਼ੀਅਤਾਂ ਦੀ ਸੁਰੱਖਿਆ ਦਾ ਲਿਆ ਜਾਇਜਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 14 ਜੁਲਾਈ 2025 - ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 25ਵੀਂ ਵਰ੍ਹੇਗੰਢ ਨੂੰ ਰਸਮੀ ਤੌਰ ‘ਤੇ ਮਨਾਉਣ ਲਈ ਨਿਰਮਲ ਕੁਟੀਆ ਵਿੱਚ ਅੱਜ ਗੁਰਦੁਆਰਾ ਸ਼੍ਰੀ ਗੁਰਪ੍ਰਕਾਸ਼ ਸਾਹਿਬ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਹੋ ਗਈ। ਪੰਜਾਬ ਦੇ ਵਾਤਾਵਰਣ ਵਿੱਚ ਨਿਰਣਾਇਕ ਭੂਮਿਕਾ ਨਿਭਾਉਣ ਵਾਲੀ ਬਾਬੇ ਨਾਨਕ ਦੀ ਵੇਈਂ ਦੇਸ਼ ਦੇ ਦੂਜੇ ਪਲੀਤ ਦਰਿਆਵਾਂ ਨੂੰ ਸਾਫ ਕਰਨ ਲਈ ਰਾਹ ਦਸੇਰਾ ਬਣ ਗਈ ਹੈ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਦੀ 25ਵੀਂ ਵਰ੍ਹੇਗੰਢ ਦੀ ਤਿਆਰੀਆਂ ਸੰਤ ਸੀਚੇਵਾਲ ਦੀ ਅਗਵਾਈ ਨਿਰੰਤਰ ਚੱਲ ਰਹੀਆਂ ਹਨ। ਸੰਗਤਾਂ ਵਿੱਚ ਇਸ ਇਤਿਹਾਸਕ ਵਰ੍ਹੇਗੰਢ ਬਾਰੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਕਿਉਂਕਿ ਇਹ ਕਾਰਸੇਵਾ ਦੀ 25ਵੀਂ (ਸਿਲਵਰ ਜੁਬਲੀ) ਵਰ੍ਹੇਗੰਢ ਹੈ। ਯਾਦ ਰਹੇ ਕਿ ਪਵਿੱਤਰ ਵੇਈਂ ਦੀ ਕਾਰ ਸੇਵਾ 16 ਜੁਲਾਈ 2000 ਨੂੰ ਸ਼ੁਰੂ ਕੀਤੀ ਗਈ ਸੀ। ਇੰਨ੍ਹਾਂ 25 ਸਾਲਾਂ ਦੇ ਲੰਮੇ ਅਰਸੇ ਦੌਰਾਨ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਵਾਪਰੀਆਂ ਹਨ ਜਿਹੜੀਆਂ ਕਿ ਯਾਦਗਾਰ ਬਣ ਗਈਆਂ ਹਨ।
ਉਧਰ ਅੱਜ ਪਵਿੱਤਰ ਵੇਈਂ ਦੀ ਕਾਰ ਸੇਵਾ ਦੇ ਸਿਲਵਰ ਜੁਬਲੀ ਸਮਾਗਮਾਂ ਵਿੱਚ ਆਉਣ ਵਾਲੀਆਂ ਸਖਸ਼ੀਅਤਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸਐਸਪੀ ਗੌਰਵ ਤੂਰਾ ਅਤੇ ਐਸਪੀ ਗੁਰਪ੍ਰੀਤ ਸਿੰਘ ਸਮੇਤ ਹੋਰ ਅਫਸਰਾਂ ਨੇ ਪਵਿੱਤਰ ਵੇਈਂ ਦਾ ਦੌਰਾ ਕੀਤਾ। ਇਸ ਮੌਕੇ ਜਿਲ੍ਹਾ ਕਪੂਰਥਲਾ ਦੇ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੰਤ ਸੀਚੇਵਾਲ ਜੀ ਨੇ ਜਿਲ੍ਹਾਂ ਅਧਿਕਾਰੀਆਂ ਨੂੰ ਪਵਿੱਤਰ ਵੇਈਂ ਦੀ ਕਾਰ ਸੇਵਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਇਸ ਦੌਰਾਨ ਆਈਆਂ ਚਣੌਤੀਆਂ ਨੂੰ ਵਿਸਥਾਰ ਨਾਲ ਦੱਸਿਆ।
15 ਜੁਲਾਈ ਨੂੰ ਪਵਿੱਤਰ ਵੇਈਂ ‘ਤੇ ਕਵੀਦਾਰ ਅਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਵੇਈਂ ਦੀ ਕਾਰ ਸੇਵਾ ਦੌਰਾਨ ਆਈਆਂ ਚਣੌਤੀਆਂ ਬਾਬਤ ਵੀ ਚਰਚਾ ਕੀਤੀ ਜਾਵੇਗੀ।