ਬਿਆਸ ਦਰਿਆ 'ਤੇ ਕਮਜ਼ੋਰ ਥਾਵਾਂ ਦੀ ਮੁਰੰਮਤ ਤੇ ਅਸਥਾਈ ਬੰਨਾਂ ਦੀ ਮਜ਼ਬੂਤੀ ਲਈ ਤੁਰੰਤ ਕਾਰਵਾਈ ਕੀਤੀ ਜਾਵੇ: ਰਾਣਾ ਇੰਦਰ ਪ੍ਰਤਾਪ ਸਿੰਘ
ਚੰਡੀਗੜ੍ਹ, 14 ਜੁਲਾਈ,2025 ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅੱਜ ਵਿਧਾਨ ਸਭਾ ਵਿਚ ਬਿਆਸ ਦਰਿਆ ਤੇ ਆ ਰਹੀਆਂ ਹੜ੍ਹਾਂ ਅਤੇ ਬੰਨਾਂ ਦੀ ਮਜਬੂਤੀ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਸਪੀਕਰ ਰਾਹੀਂ ਹਾਊਸ ਨੂੰ ਦੱਸਿਆ ਕਿ ਪਿਛਲੇ 6 ਮਹੀਨਿਆਂ ਦੌਰਾਨ ਉਨ੍ਹਾਂ ਨੇ ਹਰੀਕੇ ਤੋਂ ਢਿਲਵਾਂ ਤੱਕ ਦਰਿਆ ਦੇ ਕੰਢੇ ਤੇ 12 ਤੋਂ 15 ਅਜਿਹੀਆਂ ਜਗ੍ਹਾ ਲਭੀਆਂ ਜਿੱਥੇ ਬੰਨ ਬਹੁਤ ਕਮਜ਼ੋਰ ਸਾਬਤ ਹੋ ਰਹੇ ਹਨ ਅਤੇ ਵਧ ਪਾਣੀ ਆਉਣ ਤੇ ਹੜ੍ਹ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਵਿਧਾਇਕ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵਿਧਾਨ ਸਭਾ ਵਿੱਚ ਧਿਆਨ ਮੌਸ਼ਨ ਦੌਰਾਨ ਕੀਤਾ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਮੰਤਰੀ ਜੀ ਦੇ ਪੱਧਰ ਤੇ ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਸੰਬੰਧਿਤ ਵਿਭਾਗ ਨੂੰ ਪੱਤਰ ਵੀ ਭੇਜੇ ਗਏ, ਪਰ ਜਿਸ ਥਾਂ ਜ਼ਿਆਦਾ ਮਜ਼ਬੂਤੀ ਦੀ ਲੋੜ ਸੀ ਉੱਥੇ ਵੀ ਕੋਈ ਕੰਮ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਹ ਸਾਰਾ ਖਰਚਾ ਨਰੇਗਾ ਯੋਜਨਾ ਅਧੀਨ ਕੀਤਾ ਜਾ ਸਕਦਾ ਸੀ ਪਰ ਬਾਵਜੂਦ ਇਸ ਕੰਮ ਨਹੀਂ ਹੋਏ ਹਨ। ਇਸ ਮਸਲੇ ਤੇ ਵਿਧਾਇਕ ਨੇ 3 ਸਪਲੀਮੈਂਟਰੀ ਸਵਾਲ ਵੀ ਕੀਤੇ,ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹੜਾਂ ਦੇ ਮਸਲੇ ਤੇ ਗੰਭੀਰਤਾ ਦਿਖਾਉਣ ਲਈ ਦੌਰ ਪਾਇਆ। ਉਨ੍ਹਾਂ ਹਾਊਸ ਨੂੰ ਯਾਦ ਦਿਵਾਇਆ ਕਿ ਪਿਛਲੀ ਵਾਰੀ ਆਈ ਹੜ੍ਹ ਦੌਰਾਨ ਗੋਇੰਦਵਾਲ ਪੁਲ ਦੇ ਕੋਲ ਲਗਭਗ 125 ਏਕੜ ਵਿੱਚ ਇਕ ਅਲੱਗ ਤਰ੍ਹਾਂ ਦਾ ਬੰਨ ਬਣਿਆ ਹੋਇਆ ਹੈ ਜਿਸ ਵਿੱਚੋਂ ਪਾਣੀ ਦਾ ਵਹਾਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਇਸ ਥਾਂ ਡੀਸੈਲਟਿੰਗ ਕਰ ਦਿੱਤੀ ਜਾਵੇ ਤਾਂ ਬੰਨ ਟੁੱਟਣ ਦਾ ਖਤਰਾ ਘੱਟ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਵੀ ਗੈਰ ਕਾਨੂੰਨੀ ਢੰਗ ਨਾਲ ਬੰਨਾਂ ਵਿੱਚ ਮਾਈਨਿੰਗ ਜਾਰੀ ਹੈ ਜੋ ਹੜ੍ਹ ਦੇ ਖਤਰੇ ਨੂੰ ਹੋਰ ਵਧਾ ਰਹੀ ਹੈ। ਉਨ੍ਹਾਂ ਪੁੱਛਿਆ ਕਿ ਕੀ ਪੰਜਾਬ ਸਰਕਾਰ ਨੇ ਪਿਛਲੇ 6 ਮਹੀਨੇ ਵਿੱਚ ਇਸ ਮੁੱਦੇ 'ਤੇ ਕੋਈ ਗੰਭੀਰ ਵਿਚਾਰ-ਚਰਚਾ ਕੀਤੀ? ਅੰਤ ਵਿੱਚ, ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੁਰਾਣੇ ਬੰਨਾਂ ਦੀ ਪੂਰੀ ਜਾਂਚ ਕਰਵਾਈ ਜਾਵੇ, ਦਰਿਆਵਾਂ ਦੀ ਕੈਰਿੰਗ ਸਮਰੱਥਾ ਨੂੰ ਮੱਦੇਨਜ਼ਰ ਰੱਖਦਿਆਂ ਨਵੇਂ ਅਤੇ ਐਡਵਾਸ ਬੰਨਾਂ ਦੀ ਯੋਜਨਾ ਤਿਆਰ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਲੋਕ ਬੰਨ ਬਣਾਉਣ ਲਈ ਆਪਣੀ ਜ਼ਮੀਨ ਦੇਣ ਨੂੰ ਵੀ ਤਿਆਰ ਹਨ।