ਹਾਏ ਰੱਬਾ! ਰਾਵੀ ਪਾਰਲੀਆਂ ਗਰਭਵਤੀ ਬੀਬੀਆਂ ਇੰਝ ਦੇਣਗੀਆਂ ਬੱਚਿਆਂ ਜਨਮ
ਟਾਪੂ ਬਣੇ ਸੱਤ ਪਿੰਡਾਂ ਵਿੱਚ ਨੌ ਗਰਭਵਤੀ ਮਹਿਲਾਵਾਂ ਲਈ ਸਿਹਤ ਵਿਭਾਗ ਨੇ ਭੇਜੀਆਂ ਟੀਮਾਂ
ਸਿਹਤ ਵਿਭਾਗ ਦਰਿਆ ਪਾਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਤਿਆਰ ਬਰ ਤਿਆਰ- ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ 14 ਜੁਲਾਈ 2025- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਵੱਲੋਂ ਅੱਜ ਮਕੋੜਾ ਪੱਤਨ ਅਤੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਵਰਨਣਯੋਗ ਹੈ ਕਿ ਹਰ ਸਾਲ ਮਾਨਸੂਨ ਸੀਜਨ ਵਿੱਚ ਦਰਿਆ ਰਾਵੀ ਵਿੱਚ ਪਾਣੀ ਜਿਆਦਾ ਆਉਣ ਕਾਰਨ ਖੇਤਰ ਦੇ ਕੁੱਝ ਪਿੰਡ ਬਾਕੀ ਹਿੱਸੇ ਤੋਂ ਕੱਟੇ ਜਾਂਦੇ ਹਨ। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦਰਿਆ ਪਾਰ ਵਾਲੇ ਕਰੀਬ 7 ਪਿੰਡਾਂ ਵਿੱਚ 9 ਗਰਭਵਤੀ ਔਰਤਾਂ ਹਨ। ਇਨ੍ਹਾਂ ਵਿੱਚੋ 6 ਹਾਈ ਰਿਸਕ ਕੇਸ ਹਨ।
2 ਗਰਭਵਤੀਆਂ ਦਾ ਜਣੇਪਾ ਅਗਸਤ ਮਹੀਨੇ ਵਿੱਚ ਹੋਣਾ ਹੈ। ਸਿਹਤ ਅਮਲੇ ਵੱਲੋਂ ਇਨ੍ਹਾਂ ਦਾ ਮੁਆਇਨਾ ਕੀਤਾ ਗਿਆ ਹੈ। ਇਹ ਦੋਵੇਂ ਠੀਕਠਾਕ ਹਨ ਅਤੇ ਉਨ੍ਹਾਂ ਨੂੰ ਦਰਿਆ ਆਰ ਵਾਲੇ ਪਿੰਡ ਵਿੱਚ ਸ਼ਿਫਤ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਸੰਸਥਾਗਤ ਜਣੇਪੇ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਸਮੇਂ ਸਿਰ ਸਿਹਤ ਸੰਸਥਾ ਵਿੱਚ ਭੇਜਿਆ ਜਾਵੇਗਾ । ਬਾਕੀ ਗਰਭਵਤੀ ਮਾਵਾਂ ਵੀ ਠੀਕ ਹਨ ਅਤੇ ਲਗਾਤਾਰ ਸਿਹਤ ਅਮਲੇ ਦੇ ਸੰਪਰਕ ਵਿੱਚ ਹਨ। ਦਰਿਆ ਪਾਰ ਵਾਲੇ ਪਿੰਡਾਂ ਵਿੱਚ ਕੌਈ ਸੀਰੀਅਸ ਮਰੀਜ਼ ਨਹੀਂ ਹੈ।
ਸਿਹਤ ਵਿਭਾਗ ਦੇ ਅਰੋਗਿਆ ਕੇਂਦਰ ਤੂਰ ਚਿੱਬ (ਦਰਿਆ ਪਾਰ ਵਿੱਚ ਮੋਜੂਦ ਸਿਹਤ ਕੇਂਦਰ )ਦੇ ਮੁਲਾਜ਼ਮ ਸਮੇਂ ਸਮੇਂ ਤੇ ਇਨ੍ਹਾਂ ਲੋਕਾਂ ਦਾ ਮੁਆਇਨਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦਰਿਆ ਪਾਰ ਪਿੰਡਾਂ ਦਾ ਘਰ ਘਰ ਸਰਵੇ ਕਰਨ ਲਈ 5 ਟੀਮਾਂ ਬਣਾਇਆ ਗਈਆਂ ਹਨ। ਸਿਹਤ ਅਮਲੇ ਦੀਆਂ ਇਹ ਟੀਮਾਂ ਆਉਂਦੇ 2 ਦਿਨਾਂ ਵਿੱਚ ਸਮੂਹ ਪਿੰਡਾਂ ਦਾ ਹੋਮ ਸਰਵੇ ਪੂਰਾ ਕਰਨਗੀਆਂ। ਸੀਨੀਅਰ ਮੈਡੀਕਲ ਅਫਸਰ ਬਹਿਰਾਮਪੁਰ ਡਾਕਟਰ ਬ੍ਰਿਜੇਸ਼ ਨੇ ਦੱਸਿਆ ਕਿ ਦਰਿਆ ਪਾਰ ਵਾਲੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨਾਲ ਰਾਬਤਾ ਕਾਇਮ ਹੈ।
ਪ੍ਰਸ਼ਾਸ਼ਨ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ ਪ੍ਰਾਪਤ ਹੋਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਇਸ ਦੇ ਨਾਲ ਹੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਵੱਲੋਂ ਅੱਜ ਪੀਐਚਸੀ ਬਹਿਰਾਮਪੁਰ ਅਤੇ ਆਮ ਆਦਮੀ ਕਲੀਨਿਕ ਬਹਿਰਾਮਪੁਰ ਦਾ ਦੌਰਾ ਵੀ ਕੀਤਾ ਗਿਆ ।
ਇਸ ਮੌਕੇ ਉਨ੍ਹਾਂ ਨੇ ਲੇਬਰ ਰੂਮ, ਫਾਰਮੇਸੀ, ਵਾਰਡ ਆਦਿ ਵਿੰਗ ਦਾ ਮੁਆਇਨਾ ਕੀਤਾ । ਮਰੀਜਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਮਰੀਜਾਂ ਦੀ ਦਿੱਕਤ ਦਾ ਜਲਦ ਤੋਂ ਜਲਦ ਸਮਾਧਾਨ ਕੀਤਾ ਜਾਵੇ । ਮਾਨਸੂਨ ਸੀਜਨ ਕਾਰਨ ਜਲ ਜਣਿਤ ਅਤੇ ਮੱਛਰ ਜਣਿਤ ਰੋਗਾਂ ਦਾ ਖਤਰਾ ਜਿਆਦਾ ਹੈ ਲਿਹਾਜਾ ਇਨ੍ਹਾਂ ਦੀ ਰੋਕਥਾਮ ਦੇ ਉਆਅ ਕੀਤੇ ਜਾਣ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲਾ ਐਪੀਡਮੋਲੋਜਿਸਟ ਡਾ. ਗੁਰਪ੍ਰੀਤ ਕੌਰ ਵੀ ਮੋਜੂਦ ਸਨ