ਪੰਜਾਬ ’ਚ ਹੜਾਂ ਦਾ ਖਤਰਾ? ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ, 14 ਜੁਲਾਈ 2025: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਹੜਾਂ ਦੇ ਖਤਰੇ ਸਬੰਧੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹੜਾਂ ਤੋਂ ਨਜਾਤ ਲਈ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਹੜਾਂ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ।
ਬੰਨਾਂ ਦੀ ਮਜਬੂਤੀ ਲਈ ਯਤਨ:
ਸਰਕਾਰ ਵੱਲੋਂ ਨਦੀਆਂ ਅਤੇ ਚੋਆਂ ਦੇ ਕੰਢਿਆਂ ਉੱਤੇ 599 ਤੋਂ ਵੱਧ ਪ੍ਰਾਜੈਕਟ ਪੂਰੇ ਕੀਤੇ ਗਏ ਹਨ। 7.79 ਲੱਖ ਰੇਤ ਭਰੀਆਂ ਬੋਰੀਆਂ ਤਿਆਰ ਕਰਕੇ ਵੰਡੀਆਂ ਗਈਆਂ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਤੋੜ ਨੂੰ ਤੁਰੰਤ ਭਰਿਆ ਜਾ ਸਕੇ। ਪਹਿਲੀ ਵਾਰ ਜੰਬੋ ਬੈਗ ਵੀ ਵਰਤੇ ਜਾ ਰਹੇ ਹਨ।
ਡੈਮਾਂ ਦੇ ਪਾਣੀ ਦਾ ਪੱਧਰ ਕੰਟਰੋਲ ਹੇਠ:
ਭਾਖੜਾ, ਪੌਂਗ, ਡਿਹਰ ਅਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਦੀ ਲੈਵਲ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਪਾਣੀ ਦੀ ਆਵਕ ਅਤੇ ਨਿਕਾਸ ਨੂੰ ਕੰਟਰੋਲ ਕਰਕੇ ਹੜਾਂ ਦੇ ਖਤਰੇ ਨੂੰ ਘਟਾਇਆ ਜਾ ਰਿਹਾ ਹੈ।
ਨਦੀਆਂ, ਨਾਲਿਆਂ ਅਤੇ ਚੋਆਂ ਦੀ ਸਫਾਈ:
4,766 ਕਿਲੋਮੀਟਰ ਲੰਬਾਈ ਵਾਲੀਆਂ ਨਦੀਆਂ, ਨਾਲੀਆਂ ਅਤੇ ਚੋਆਂ ਦੀ ਡੀਸਿਲਟਿੰਗ ਤੇ ਸਫਾਈ ਕਰਵਾਈ ਗਈ ਹੈ, ਤਾਂ ਜੋ ਪਾਣੀ ਦੀ ਆਵਾਜਾਈ ਰੁਕਾਵਟ ਰਹਿਤ ਹੋਵੇ ਅਤੇ ਹੜਾਂ ਤੋਂ ਬਚਾਵ ਹੋ ਸਕੇ।
ਕੁਦਰਤੀ ਢੰਗ ਨਾਲ ਕੰਢਿਆਂ ਦੀ ਮਜਬੂਤੀ:
53,400 ਬਾਂਸ ਅਤੇ 294 ਕਿਲੋਮੀਟਰ ਵੈਟੀਵਰ ਘਾਹ ਦੀ ਰੋਪਾਈ ਕੀਤੀ ਗਈ ਹੈ, ਜੋ ਨਦੀਆਂ ਦੇ ਕੰਢਿਆਂ ਦੀ ਕੁਦਰਤੀ ਮਜਬੂਤੀ ਵਧਾਉਂਦੇ ਹਨ।
ਫਲੱਡ ਕੰਟਰੋਲ ਰੂਮ ਅਤੇ ਐਮਰਜੈਂਸੀ ਪ੍ਰਬੰਧ:
ਸੂਬੇ ਦੇ ਹਰ ਜ਼ਿਲ੍ਹੇ ਵਿੱਚ 24x7 ਕੰਟਰੋਲ ਰੂਮ ਬਣਾਏ ਗਏ ਹਨ, ਜਿੱਥੇ ਹੜਾਂ ਦੇ ਸਮੇਂ ਤੁਰੰਤ ਰਾਹਤ ਅਤੇ ਬਚਾਅ ਕਾਰਵਾਈਆਂ ਲਈ ਟੀਮਾਂ ਤਿਆਰ ਹਨ।
ਮੰਤਰੀ ਦਾ ਬਿਆਨ
"ਪੰਜਾਬ ਸਰਕਾਰ ਨੇ ਹੜਾਂ ਤੋਂ ਬਚਾਅ ਲਈ ਫੂਲਪ੍ਰੂਫ਼ ਪ੍ਰਬੰਧ ਕੀਤੇ ਹਨ। ਨਦੀਆਂ, ਚੋਆਂ ਅਤੇ ਨਾਲਿਆਂ ਦੀ ਸਫਾਈ, ਬੰਨਾਂ ਦੀ ਮਜਬੂਤੀ ਅਤੇ ਡੈਮਾਂ ਦੇ ਪਾਣੀ ਦੀ ਲੈਵਲ ’ਤੇ ਪੂਰੀ ਨਿਗਰਾਨੀ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।"