ਅੱਧਾ ਘੰਟਾ ਪਈ ਬਾਰਿਸ਼ ਨਾਲ ਪੂਰਾ ਸ਼ਹਿਰ ਹੋਇਆ ਜਲ ਮਗਣ, ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨੂੰ ਲੱਗੇ ਕਈ ਘੰਟੇ
ਦੀਪਕ ਜੈਨ
ਜਗਰਾਉਂ , 14 ਜੁਲਾਈ 2025-ਮੌਨਸੂਨ ਦੀ ਆਮਦ ਤੋਂ ਪਹਿਲਾਂ ਹਰ ਸਾਲ ਨਗਰ ਕੌਂਸਲ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਫਾਈ ਕਾਮੇ ਪੂਰੀ ਸ਼ਿੱਦਤ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਦੀ ਸਫਾਈ ਕਰ ਦਿੰਦੇ ਹਨ। ਜਿਸ ਕਾਰਨ ਭਾਵੇਂ ਸ਼ਹਿਰ ਦੀਆਂ ਕਈ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ ਪਰ ਕੁਝ ਘੰਟਿਆਂ ਅੰਦਰ ਹੀ ਪਾਣੀ ਦੀ ਨਿਕਾਸੀ ਹੋ ਜਾਂਦੀ ਸੀ। ਪਰ ਇਸ ਵਾਰ ਅੱਜ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਨਗਰ ਕੌਂਸਲ ਜਗਰਾਉਂ ਦੇ ਅਧਿਕਾਰੀਆਂ ਅਤੇ ਪ੍ਰਧਾਨ ਵੱਲੋਂ ਕੀਤੇ ਜਾ ਰਹੇ ਖੋਖਲੇ ਦਾਅਵਿਆਂ ਦੀ ਪੋਲ ਖੋਲ ਦਿੱਤੀ।
ਜਿਸ ਵਿੱਚ ਉਹ ਕਹਿ ਰਹੇ ਸਨ ਕਿ ਸ਼ਹਿਰ ਦੇ ਸਮੂਹ ਨਾਲਿਆਂ ਦੀ ਸਫਾਈ ਕਰ ਦਿੱਤੀ ਗਈ ਹੈ ਅਤੇ ਬਰਸਾਤੀ ਪਾਣੀ ਨੂੰ ਨਿਕਲਣ ਵਿੱਚ ਜਿਆਦਾ ਦੇਰ ਨਹੀਂ ਲੱਗੇਗੀ। ਪਰ ਉਹਨਾਂ ਦੇ ਕੀਤੇ ਦਾਅਵੇ ਉਦੋਂ ਝੂਠੇ ਸਾਬਤ ਹੋਏ ਜਦੋਂ ਹਰ ਵਾਰ ਪਾਣੀ ਇੱਕ ਦੋ ਘੰਟੇ ਵਿੱਚ ਨਾਲਿਆਂ ਰਾਹੀਂ ਨਿਕਲ ਜਾਂਦਾ ਹੈ ਪਰ ਅੱਜ ਛੇ ਘੰਟੇ ਤੱਕ ਵੀ ਪਾਣੀ ਦੀ ਨਿਕਾਸੀ ਸ਼ਹਿਰ ਦੇ ਕਈ ਇਲਾਕਿਆਂ ਵਿੱਚੋਂ ਨਹੀਂ ਸੀ ਹੋਈ।
ਇਸ ਵਿੱਚ ਸਥਾਨਕ ਝਾਂਸੀ ਰਾਣੀ ਚੌਂਕ ਤੋਂ ਕਮਲ ਚੌਂਕ, ਸਬਜ਼ੀ ਮੰਡੀ ਚੌਂਕ ਪੁਰਾਣੀ ਸਬਜ਼ੀ ਮੰਡੀ ਰੋਡ, ਕੁੱਕੜ ਬਾਜ਼ਾਰ ਵਰਗੇ ਬਾਜ਼ਾਰਾਂ ਵਿੱਚ ਜਿੱਥੇ ਹਰ ਸਾਲ ਬਰਸਾਤੀ ਪਾਣੀ ਦੀ ਸਮੱਸਿਆ ਆਉਂਦੀ ਹੈ। ਪਰ ਅੱਜ ਇਹਨਾਂ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੂੰ ਦੋਹਰੀ ਮਾਰ ਝੱਲਣੀ ਪਈ ਕਿਉਂ ਜੋ ਕਈ ਦਿਨਾਂ ਤੋਂ ਸ਼ਹਿਰ ਅੰਦਰ ਕੂੜੇ ਦੀ ਸਮੱਸਿਆ ਵਧੀ ਹੋਈ ਸੀ ਅਤੇ ਸੜਕਾਂ ਉੱਪਰ ਕੂੜਾ ਫੈਲਿਆ ਹੋਇਆ ਸੀ।
ਪਰ ਅੱਜ ਦੀ ਬਾਰਿਸ਼ ਨਾਲ ਇਹ ਕੂੜਾ ਤੈਰ ਕੇ ਸੜਕਾਂ ਤੇ ਖਿਲਰ ਗਿਆ ਅਤੇ ਜਦੋਂ ਪਾਣੀ ਦੀ ਨਿਕਾਸੀ ਹੋਈ ਤਾਂ ਇਹ ਕੂੜਾ ਵੀ ਬਾਜ਼ਾਰ ਵਾਸੀਆਂ ਦੀ ਸਮੱਸਿਆ ਬਣਿਆ। ਇਸ ਤੋਂ ਵੀ ਮੁਸ਼ਕਿਲ ਉਦੋਂ ਆਈ ਜਦੋਂ ਸੜਕਾਂ ਉੱਪਰ ਪਾਣੀ ਦੀ ਨਿਕਾਸੀ ਤੋਂ ਬਾਅਦ ਸੜਕਾਂ ਪੂਰੀ ਤਰ੍ਹਾਂ ਚਿੱਕੜ ਨਾਲ ਭਰ ਗਈਆਂ। ਸੜਕਾਂ ਉੱਪਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਘੰਟੇ ਲੋਕਾਂ ਨੂੰ ਪਾਣੀ ਵਿੱਚੋਂ ਹੀ ਲੰਘਣਾ ਪਿਆ।
ਪਿੰਡ ਦੇ ਇੱਕ ਮਜ਼ਦੂਰ ਰੇਹੜਾ ਚਾਲਕ ਜਿਸ ਨੇ ਆਪਣੀ ਖੱਚਰ ਰੇਹੜੀ ਉੱਪਰ ਸਰੀਆ ਲੱਧਿਆ ਹੋਇਆ ਸੀ ਅਤੇ ਉਸ ਦੇ ਖੱਚਰ ਨੂੰ ਪਾਣੀ ਵਿੱਚੋਂ ਰੇੜਾ ਕੱਢਣਾ ਮੁਸ਼ਕਿਲ ਹੋ ਰਿਹਾ ਸੀ, ਨੇ ਬੜੀ ਮਾਯੂਸੀ ਨਾਲ ਜਵਾਬ ਦਿੱਤਾ ਕਿ ਉਹ ਇੱਕ ਮਜ਼ਦੂਰ ਆਦਮੀ ਹੈ ਅਤੇ ਬਾਰਿਸ਼ ਕਾਰਨ ਸੜਕਾਂ ਉੱਪਰ ਲੰਘਣਾ ਔਖਾ ਹੋ ਰਿਹਾ ਹੈ। ਪਰ ਸਾਨੂੰ ਆਪਣਾ ਅਤੇ ਆਪਣੇ ਜਾਨਵਰ ਦਾ ਢਿੱਡ ਪਾਲਣ ਲਈ ਇਹੋ ਜਿਹੇ ਹਾਲਾਤਾਂ ਵਿੱਚ ਵੀ ਕੰਮ ਕਰਨਾ ਪੈ ਰਿਹਾ ਹੈ।
ਬਰਸਾਤੀ ਪਾਣੀ ਦੇ ਜਮਾਂ ਹੋਣ ਦੀ ਸਮੱਸਿਆ ਉੱਪਰ ਸਥਾਨਕ ਕਮਲ ਚੌਂਕ, ਸਬਜ਼ੀ ਮੰਡੀ ਚੌਂਕ ਦੇ ਦੁਕਾਨਦਾਰਾਂ ਦਰਸ਼ਨ ਲਾਲ, ਰਕੇਸ਼ ਕੁਮਾਰ, ਪਵਨ ਕੁਮਾਰ, ਨਰੇਸ਼ ਕੁਮਾਰ ਅਤੇ ਮਹਿੰਦਰ ਸਿੰਘ ਨੇ ਬੜੀ ਨਮੋਸ਼ੀ ਭਰੀ ਆਵਾਜ਼ ਵਿੱਚ ਕਿਹਾ ਕਿ ਜਦੋਂ ਵੋਟਾਂ ਆਉਂਦੀਆਂ ਹਨ ਤਾਂ ਹਰ ਇੱਕ ਉਮੀਦਵਾਰ ਇਹ ਆਖ ਕੇ ਸਾਡੇ ਕੋਲੋਂ ਵੋਟਾਂ ਮੰਗਦੇ ਹਨ ਕਿ ਉਹ ਇਲਾਕੇ ਅੰਦਰ ਪਾਣੀ ਦੀ ਸਮੱਸਿਆ ਦੇ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾ ਦੇਣਗੇ ਪਰ ਕਿਸੇ ਵੀ ਲੀਡਰ ਵੱਲੋਂ ਇਹ ਮਸਲਾ ਹੱਲ ਨਹੀਂ ਹੋ ਰਿਹਾ।
ਅੱਜ ਦੀ ਬਾਰਿਸ਼ ਨਾਲ ਨਗਰ ਕੌਂਸਲ ਜਗਰਾਉਂ ਦਾ ਆਪਣਾ ਦਫਤਰ ਜਿੱਥੇ ਨਗਰ ਕੌਂਸਲ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪ੍ਰਧਾਨ ਦਾ ਦਫਤਰ ਮੌਜੂਦ ਹੈ ਅਤੇ ਇਸ ਤੋਂ ਇਲਾਵਾ ਉਹ ਟਾਊਨ ਹਾਲ ਵੀ ਹੈ ਜਿਸ ਅੰਦਰ ਬੈਠ ਕੇ ਸ਼ਹਿਰ ਦੀ ਸਮੱਸਿਆਵਾਂ ਉੱਪਰ ਕੌਂਸਲਰ ਬਹਿਸ ਕਰਦੇ ਹਨ ਅਤੇ ਮਤੇ ਪਾਸ ਕੀਤੇ ਜਾਂਦੇ ਹਨ। ਪੂਰੀ ਤਰਹਾਂ ਪਾਣੀ ਨਾਲ ਡੁੱਬ ਗਿਆ ਸੀ ਅਤੇ ਜਿਸ ਦੇ ਅੰਦਰੋਂ ਪਾਣੀ ਦੀ ਨਿਕਾਸੀ ਲਈ ਵੀ ਕਈ ਘੰਟੇ ਲੱਗ ਗਏ।