ਵੱਡੀ ਖ਼ਬਰ: ਦੌੜਾਕ ਫ਼ੌਜਾ ਸਿੰਘ ਦਾ ਦੇਹਾਂਤ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 14 ਜੁਲਾਈ 2025-ਦੌੜਾਕ ਫ਼ੌਜਾ ਸਿੰਘ ਦੇ ਦੇਹਾਂਤ ਦੀ ਖ਼ਬਰ ਹੈ। ਉਹ ਕਰੀਬ 114 ਸਾਲਾਂ ਦੇ ਸਨ। ਦੱਸ ਦਈਏ ਕਿ ਉਹ ਪਿਛਲੇ ਕੁੱਝ ਦਿਨ ਤੋਂ ਬਿਮਾਰ ਚੱਲ ਰਹੇ ਸਨ। ਉਹ ਦੁਨੀਆ ਦੇ ਸਭ ਤੋਂ ਪੁਰਾਣੇ ਮੈਰਾਥਨ ਦੌੜਾਕ ਮੰਨੇ ਜਾਂਦੇ ਸਨ। ਫੌਜਾ ਸਿੰਘ ਨੇ 2000 ਵਿਚ ਮੈਰਾਥਨ ਰੇਸ ਦਾ ਸਫ਼ਰ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਹ 8 ਰੇਸ ਵਿਚ ਸ਼ਾਮਲ ਹੋਏ ਸੀ। 2011 ਵਿਚ ਟੋਰਾਂਟੋ ਮੈਰਾਥਨ ਵਿਚ ਭਾਗ ਲੈ ਕੇ ਉਹਨਾਂ ਨੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਦਾ ਨਾਮ ਹਾਸਲ ਕੀਤਾ ਪਰ ਉਹਨਾਂ ਦਾ ਨਾਮ ਗਿਨੀਜ਼ ਬੁੱਕ ਵਿਚ ਸ਼ਾਮਲ ਨਹੀਂ ਹੋ ਸਕਿਆ, ਕਿਉਂਕਿ ਉਹਨਾਂ ਕੋਲ ਆਪਣਾ ਜਨਮ ਸਰਟੀਫਿਕੇਟ ਨਹੀਂ ਸੀ।
2012 ਵਿਚ ਉਹਨਾਂ ਨੇ ਲੰਡਨ ਮੈਰਾਥਨ ਵਿਚ ਵੀ ਦੌੜ ਲਗਾਈ ਅਤੇ 20 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਅਤੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। 2013 ਵਿੱਚ ਫੌਜਾ ਸਿੰਘ ਨੇ ਆਖਰੀ ਵਾਰ ਹਾਂਗ ਕਾਂਗ ਮੈਰਾਥਨ ਵਿਚ ਪੇਸ਼ੇਵਰ ਤੌਰ ਤੇ ਭਾਗ ਲਿਆ, ਜਦੋਂ ਉਹ 101 ਸਾਲਾਂ ਦੇ ਸਨ। ਜਦੋਂ ਫੌਜਾ ਸਿੰਘ 89 ਸਾਲਾਂ ਦੇ ਸਨ ਤਾਂ ਉਹਨਾਂ ਦੀ ਪਤਨੀ ਅਤੇ ਬੱਚੇ ਦੀ ਇੱਕ ਹਾਦਸੇ ਵਿਚ ਮੌਤ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਅਤੇ ਉਹ ਤਣਾਅ ਵਿਚ ਰਹਿਣ ਲੱਗ ਪਏ। ਉਦੋਂ ਤੋਂ ਹੀ ਉਹਨਾਂ ਨੇ ਮੈਰਾਥਨ ਦੌੜਨ ਦਾ ਫੈਸਲਾ ਕੀਤਾ।