ਲੋਕਾਂ ਨੂੰ ਸਿਹਤ ਸਬੰਧੀ ਕੀਤਾ ਜਾਗਰੂਕ ਅਤੇ ਵੰਡੇ ਗਏ ਓ. ਆਰ. ਐਸ ਦੇ ਪੈਕੇਟ ਤੇ ਕਲੋਰੀਨ ਦੀਆਂ ਗੋਲੀਆਂ
ਅਸ਼ੋਕ ਵਰਮਾ
ਬਠਿੰਡਾ , 14 ਜੁਲਾਈ 2025 :ਸਾਂਈ ਨਗਰ ਰਜਵਾਹੇ ਵਿੱਚ ਪਏ ਪਾੜ ਕਾਰਨ ਇਲਾਕੇ ਵਿੱਚ ਪਾਣੀ ਜਮਾ ਹੋਣ ਉਪਰੰਤ ਹੋ ਗਿਆ ਸੀ ਅਤੇ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ ਅਤੇ ਸਿਹਤ ਕਰਮਚਾਰੀਆਂ ਦੁਆਰਾ ਸਰਵੇ ਸ਼ੁਰੂ ਕਰ ਦਿੱਤਾ ਗਿਆ । ਇਸ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਓ.ਆਰ.ਐਸ ਦੇ ਪੈਕੇਟ ਵੰਡੇ ਗਏ ਅਤੇ ਇਲਾਕੇ ਦੇ ਵੱਖ -ਵੱਖ ਥਾਵਾਂ ਤੇ ਲਾਰਵਾਸਾਈਡ ਸਪਰੇ ਕੀਤਾ ਗਿਆ । ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਵੱਲੋੰ ਸਾਈ ਨਗਰ ਦਾ ਦੌਰਾ ਕੀਤਾ ਗਿਆ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਦਿੱਤਿਆ ਗਈਆਂ ।
ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਮੌਕੇ ਦਾ ਜਾਇਜਾ ਲੈਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ ਇਲਾਕੇ ਦੇ ਲੋਕਾਂ ਨੂੰ ਹਰ ਤਰਾਂ ਦੀ ਮੈਡੀਕਲ ਸੁਵਿਧਾ ਦਿੱਤੀ ਜਾ ਰਹੀ ਹੈ ਨਾਲ ਹੀ ਸਾਡੀ ਮਾਸ ਮੀਡੀਆ ਬਰਾਚ ਵੱਲੋਂ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਮੈਡੀਕਲ ਕੈਂਪ ਜਾਂ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ, ਖੁਦ ਇਲਾਜ ਨਾ ਕੀਤਾ ਜਾਵੇ। ਜੇਕਰ ਕਿਸੇ ਕਲਸਟਰ (ਜਿਵੇਂ ਕਿ ਇੱਕ ਹੀ ਜਗ੍ਹਾ ਉੱਤੇ 3 ਤੋਂ ਵੱਧ ਇਨਫੈਕਸ਼ਨ ਵਾਲੇ ਕੇਸ) ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਸਿਹਤ ਸੰਸਥਾਵਾਂ ਨੂੰ ਸੂਚਿਤ ਕੀਤਾ ਜਾਵੇ। ਇਲਾਕੇ ਵਿੱਚ ਦੂਸ਼ਿਤ ਪਾਣੀ ਅਤੇ ਕੀੜਿਆਂ ਤੋਂ ਕੱਟਣ ਨਾਲ ਆਮ ਤੌਰ ਤੇ ਚਮੜੀ ਤੇ ਬੈਕਟੀਰੀਅਲ ਇਨਫੈਕਸ਼ਨ ਲਾਗ) ਹੋ ਜਾਂਦੀ ਹੈ। ਚਮੜੀ ਦੀ ਲਾਗ ਨੂੰ ਰੋਕਣ ਲਈ ਰਬੜ ਦੇ ਬੂਟ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੇ ਜਾਂਣ। ਇਲਾਜ ਲਈ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ।
ਉਨ੍ਹਾਂ ਕਿਹਾ ਕਿ ਸੱਪ ਦੇ ਕੱਟਣ ਦੀਆਂ ਘਟਨਾਵਾਂ ਆਮ ਹਨ, ਇਸ ਲਈ ਕੋਸ਼ਿਸ਼ ਕਰੋ ਕਿ ਪਾਣੀ ਵਿੱਚ ਨਾ ਜਾਓ। ਜੇਕਰ ਪਾਣੀ ਵਿੱਚ ਜਾਣਾ ਜ਼ਰੂਰੀ ਹੈ ਤਾਂ ਲੰਬੇ ਬੂਟ ਪਾਓ। ਜੇਕਰ ਸੱਪ ਕੱਟ ਜਾਂਦਾ ਹੈ ਤਾਂ ਜਲਦੀ ਤੋਂ ਜਲਦੀ ਤਾਇਨਾਤ ਮੈਡੀਕਲ ਟੀਮ ਨਾਲ ਸੰਪਰਕ ਕਰੋ। ਉਹਨਾਂ ਦੱਸਿਆ ਕਿ ਪਾਣੀ ਸਾਫ ਹੀ ਪੀਓ ਜਾਂ ਪਾਣੀ ਉਬਾਲ ਕੇ ਠੰਡਾ ਕਰਕੇ ਪੀਓ, ਪਾਣੀ ਦੇ ਸਰੋਤਾਂ ਨੂੰ ਰੋਗ-ਮੁਕਤ ਰੱਖਣਾ, ਕਲੋਰਿਨ ਦੇ ਘੋਲੇ ਬਣਾਕੇ ਪਾਣੀ ਨੂੰ ਸ਼ੁਧ ਕਰਨਾ, ਰੋਗਾਂ ਦੀ ਰੋਕਥਾਮ ਜਿਵੇ ਡਾਇਰੀਆ, ਟਾਈਫਾਇਡ, ਹੈਜ਼ਾ ਵਰਗੇ ਰੋਗਾਂ ਦੀ ਰੋਕਥਾਮ ਲਈ ਵੈਕਸੀਨੇਸ਼ਨ ਅਤੇ ਇਲਾਜ, ਮਲੇਰੀਆ ਅਤੇ ਡੇਂਗੂ ਵਰਗੀਆਂ ਮੱਛਰ ਜੰਮਣ ਵਾਲੀਆਂ ਬਿਮਾਰੀਆਂ ਲਈ ਸਪਰੇਅ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਹਥ-ਧੋਣ, ਖਾਣ-ਪੀਣ ਦੀ ਸਾਫ਼-ਸਫ਼ਾਈ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ,ਔਰਲ ਰੀਹਾਈਡਰੇਸ਼ਨ ਸੋਲਿਊਸ਼ਨ (ORS) ਵਰਤਣ ਦੀ ਸਿੱਖਿਆ ਦਿੱਤੀ ਜਾ ਰਹੀ ਹੈ।