ਯੁੱਧ ਟੋਅ ਵੈਨਾਂ ਵਿਰੁੱਧ: ਇੱਕ ਮੋਰੀ ਲੰਘਣ ਲੱਗਿਆ ਬਠਿੰਡਾ ਦਾ ਵਪਾਰੀ ਭਾਈਚਾਰਾ
ਅਸ਼ੋਕ ਵਰਮਾ
ਬਠਿੰਡਾ,11 ਜੁਲਾਈ2025 :ਵਪਾਰ ਮੰਡਲ ਬਠਿੰਡਾ ਵੱਲੋਂ ਮਲਟੀਸਟੋਰੀ ਪਾਰਕਿੰਗ ਪ੍ਰਜੈਕਟ ਦੇ ਠੇਕਾਦਾਰ ਦੀਆਂ ਟੋਅ ਵੈਨਾਂ ਵੱਲੋਂ ਕਥਿਤ ਧੱਕੇ ਨਾਲ ਚੁੱਕੀਆਂ ਜਾਂਦੀਆਂ ਗੱਡੀਆਂ ਖਿਲਾਫ 15 ਅਗਸਤ ਨੂੰ ਦਿੱਤੇ ਬਠਿੰਡਾ ਬੰਦ ਦੇ ਸੱਦੇ ਨੂੰ ਅੱਜ ਗਾਂਧੀ ਮਾਰਕੀਟ ਦੇ ਵਪਾਰੀਆਂ ਨੇ ਪੂਰਨ ਹਮਾਇਤ ਦਿੰਦਿਆਂ ਇੰਨ੍ਹਾਂ ਧੱਕੇਸ਼ਾਹੀਆਂ ਵਿਰੁੱਧ ਡਟਣ ਦਾ ਐਲਾਨ ਕਰ ਦਿੱਤਾ ਹੈ। ਗਾਂਧੀ ਮਾਰਕਿਟ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਵਪਾਰ ਮੰਡਲ ਬਠਿੰਡਾ ਦੇ ਪ੍ਰਧਾਨ ਜੀਵਨ ਗੋਇਲ ਨੂੰ ਪੱਤਰ ਸੌਂਪਿਆ ਅਤੇ ਕਿਹਾ ਕਿ ਉਹ ਅਗਾਮੀ 15 ਅਗਸਤ ਨੂੰ ਆਪਣੇ ਕਾਰੋਬਾਰ ਠੱਪ ਰੱਖਣਗੇ। ਸੰਸਥਾ ਦੇ ਪ੍ਰਧਾਨ ਅਸ਼ੋਕ ਗਰਗ ਨੇ ਕਿਹਾ ਕਿ ਟੋਅ ਵੈਨ ਵਪਾਰੀਆਂ ਲਈ ਕੋਈ ਸਹੂਲਤ ਨਹੀਂ, ਪਰ ਹੁਣ ਇੱਕ ਵੱਡੀ ਸਮੱਸਿਆ ਬਣ ਗਈ ਹੈ ਜਿਸ ਤੋਂ ਨਿਜਾਤ ਪਾਉਣਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਬਜਾਰਾਂ ਵਿੱਚ ਧੰਦਾ ਬੁਰੀ ਤਰਾਂ ਚੌਪਟ ਹੋ ਗਿਆ ਹੈ ਪਰ ਪ੍ਰਸ਼ਾਸ਼ਨ ਅੱਖਾਂ ਮੀਚੀ ਬੈਠਾ ਹੈ।
ਵਪਾਰ ਮੰਡਲ ਪੰਜਾਬ ਦੇ ਸੂਬਾ ਸਕੱਤਰ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਕਿੱਡੀ ਸ਼ਰਮਨਾਕ ਗੱਲ ਹੈ ਕਿ ਵਪਾਰੀਆਂ ਨੂੰ ਟੋਅ ਵੈਨ ਤੋਂ ਅਜਾਦੀ ਹਾਸਲ ਕਰਨ ਲਈ ਦੂਸਰੀ ਵਾਰ ਅਜਾਦੀ ਦਿਹਾੜੇ ਮੌਕੇ ਜਸ਼ਨ ਮਨਾਉਣ ਦੀ ਥਾਂ ਦੁਕਾਨਾਂ ਬੰਦ ਕਰਕੇ ਆਪਣੀ ਅਵਾਜ਼ ਚੁੱਕਣੀ ਪੈ ਰਹੀ ਹੈ। ਗਾਂਧੀ ਮਾਰਕੀਟ ਐਸੋਸੀਏਸ਼ਨ ਆਗੂ ਅਸ਼ੋਕ ਗਰਗ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਵਪਾਰ ਨੂੰ ਪ੍ਰਫੁੱਲਤ ਕਰਨ ਦੇ ਦਮਗਜੇ ਮਾਰ ਰਾਹ ਸਰਕਾਰ ਵੱਲੋਂ ਕਾਰੋਬਾਰੀਆਂ ਨੂੰ ਤਬਾਹ ਕਰਨ ਲਈ ਟੋਅ ਵੈਨਾਂ ਚਲਾਉਣ ਵਰਗੇ ਫੈਸਲੇ ਲਏ ਜਾ ਰਹੇ ਹਨ। ਵਪਾਰੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਟੋਅ ਵੈਨਾਂ ਬੰਦ ਨਾਂ ਕੀਤੀਆਂ ਤਾਂ ਇਸ ਸੰਘਰਸ਼ ਦਾ ਦਾਇਰਾ ਸੂਬਾ ਪੱਧਰ ਤੇ ਲਿਜਾਇਆ ਜਾਏਗਾ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਆਵਾਜਾਈ ਨੂੰ ਸਹੀ ਰੱਖਣ ਅਤੇ ਬਜ਼ਾਰਾਂ ਚੋਂ ਭੀੜਭਾੜ ਘਟਾਉਣ ਦੇ ਮਕਸਦ ਨਾਲ ਨਗਰ ਨਿਗਮ ਬਠਿੰਡਾ ਨੇ ਮਲਟੀਸਟੋਰੀ ਪਾਰਕਿੰਗ ਬਣਾਈ ਸੀ।
ਇਸ ਪਾਰਕਿੰਗ ਦਾ ਠੇਕਾ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਦਿੱਤਾ ਗਿਆ ਸੀ। ਜਦੋਂ ਠੇਕੇਦਾਰ ਦੇ ਕਾਰਿੰਦਿਆਂ ਨੇ ਬਜ਼ਾਰਾਂ ਚੋਂ ਕਾਰਾ ਵਗੈਰਾ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਸ਼ੁਰੂ ’ਚ ਦਬੀ ਜੁਬਾਨ ’ਚ ਹੋਏ ਵਿਰੋਧ ਦੀ ਅਵਾਜ ਉੱਚੀ ਹੋ ਗਈ। ਗੱਲ ਬੰਦ ਤੱਕ ਪੁੱਜੀ ਜਦੋਂ 15 ਅਗਸਤ 2024 ਨੂੰ ਜਦੋਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਜਾਦੀ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਟੋਅ ਵੈਨ ਮੁੱਦੇ ਤੇ ਵਪਾਰੀਆਂ ਨੇ ਬਠਿੰਡਾ ਮੁਕੰਮਲ ਬੰਦ ਕਰਕੇ ਰੋਸ ਧਰਨਾ ਲਾਇਆ ਸੀ। ਹੁਣ ਜਦੋਂ ਕਾਰਾਂ ਟੋਅ ਕਰਨ ਦਾ ਅਸਰ ਦੁਕਾਨਦਾਰਾਂ ਦੇ ਕਾਰੋਬਾਰ ਤੇ ਪੈਣ ਦੇ ਨਾਲ ਨਾਲ ਦੁਕਾਨਦਾਰੀ ਨੂੰ ਖਾਣ ਲੱਗਿਆ ਤਾਂ ਵਪਾਰ ਮੰਡਲ ਦੀ ਪਹਿਲਕਦਮੀ ਤੇ ਐਕਸ਼ਨ ਕਮੇਟੀ ਨੇ ਮੁੜ 15 ਅਗਸਤ 2025 ਨੂੰ ਬਠਿੰਡਾ ਬੰਦ ਰੱਖਕੇ ਧਰਨਾ ਲਾਉਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਵਪਾਰੀ ਆਗੂ ਸਤੀਸ਼ ਗਰਗ, ਗੋਰਾ ਲਾਲ ਬਾਂਸਲ, ਰਾਜੂ ਗੁਪਤ, ਅਮਿਤ ਅਰੋੜਾ, ਦੁਰਗਾ ਪ੍ਰਸ਼ਾਦ ਆਦਿ ਹਾਜ਼ਰ ਸਨ।